ਥੋੜੇ ਦਿਨਾਂ ਦੀ ਗੱਲ ਆ, ਕਿਸੇ ਰਿਸ਼ਤੇਦਾਰ ਦੀ ਮੇਰੀ ਇੱਕ ਕੁਲੀਗ ਬੀਮਾਰ ਸੀ। ਅਸੀਂ ਲੇਡੀ ਸਟਾਫ਼ ਨੇ ਸਲਾਹ ਕੀਤੀ ਕਿ ਕਿਸੇ ਦਿਨ ਉਹਦੇ ਘਰ ਜਾ ਕੇ ਉਹਦਾ ਪਤਾ ਹੀ ਲੈ ਆਈਏ। ਜੂਨ ਦਾ ਮਹੀਨਾ ਸੀ। ਅਸੀਂ ਪੰਜ ਜਾਣੀਆਂ ਲੰਚ ਟਾਈਮ ਨਾਲ ਰਲਾ ਕੇ ਘੰਟੇ ਕੁ ਲਈ ਉਹਦਾ ਪਤਾ ਲੈਣ ਉਹਦੇ ਘਰ ਚਲੇ ਗਈਆਂ। ਉਹਦੀ ਬੇਟੀ ਨੇ ਦਰਵਾਜ਼ਾ ਖੋਲ੍ਹਿਆ ਤੇ ਭੈੜਾ ਜਿਹਾ ਮੂੰਹ ਬਣਾ ਕੇ ਸਭ ਨੂੰ ਨਮਸਤੇ ਬੁਲਾਈ। ਅਸੀਂ ਇੱਕ ਦੂਜੇ ਵੱਲ ਵੇਖਿਆ ਅਤੇ ਅੰਦਰ ਲੰਘ ਗਈਆਂ।

ਬੈਠਦਿਆਂ ਹੀ ਸਾਡੇ ਵਿੱਚੋਂ ਇੱਕ ਨੇ ਪਾਣੀ ਮੰਗਿਆ ਤੇ ਨਿਰਮਲ ਨੇ ਹੱਸਣਾ ਸ਼ੁਰੂ ਕਰ ਦਿੱਤਾ। ਸਮਝ ਨਾ ਲੱਗੇ ਕਿ ਕੀ ਹੋਇਆ। ਇੰਨੇ ਨੂੰ ਉਹਦੀ ਬੇਟੀ ਸਾਰਿਆਂ ਲਈ ਪਾਣੀ ਲੈਕੇ ਆ ਗਈ ਤੇ ਨਾਲ ਹੀ ਕਹਿਣ ਲੱਗੀ, "ਅੰਟੀ, ਮੰਮੀ ਹੁਣ ਬਿਲਕੁਲ ਠੀਕ ਨੇ, ਇਹਨਾਂ ਨੂੰ ਕਹੋ ਕੱਲ ਤੋਂ ਦਫ਼ਤਰ ਜਾਣ।" ਨਿਰਮਲ ਫਿਰ ਹੱਸੀ ਜਾਵੇ ਤੇ ਬੇਟੀ ਨੂੰ ਅਵਾਜ਼ ਮਾਰ ਕੇ ਕਹਿੰਦੀ, "ਮਨੂੰ ਕੋਲਡ ਡਰਿੰਕ ਲਿਆਈਂ।" ਉਹਦਾ ਹਾਸਾ ਬੰਦ ਨਹੀਂ ਹੋ ਰਿਹਾ ਸੀ। ਮੈਂ ਕਿਹਾ, "ਨਿਰਮਲ ਜੀ ਅਸੀਂ ਤਾਂ ਤੁਹਾਡਾ ਪਤਾ ਲੈਣ ਆਏ ਹਾਂ ਪਰ ਤੁਸੀਂ ਤਾਂ ਹੱਸੀ ਜਾ ਰਹੇ ਹੋ।" ਉਹਨੇ ਫਿਰ ਹੱਸਦੇ ਹੋਏ ਕਿਹਾ, "ਗੱਲ ਹੀ ਹੱਸਣ ਵਾਲੀ ਆ। ਹੁਣੇ ਤੁਹਾਡੇ ਤੋਂ ਪਹਿਲਾਂ ਵੀ ਤਿੰਨ ਜਾਣੇ ਆਏ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮਨੂੰ ਨੇ ਹਾਲੇ ਦਰਵਾਜ਼ਾ ਬੰਦ ਹੀ ਕੀਤਾ ਸੀ ਤੇ ਅੰਦਰ ਆਕੇ ਮੈਨੂੰ ਕਹਿੰਦੀ, ਮੰਮਾ ਕੱਲ੍ਹ ਤੋਂ ਦਫ਼ਤਰ ਜਾਓ, ਜਿੰਨ੍ਹੇ ਪਤਾ ਲੈਣਾ ਉੱਥੇ ਲੈ ਲਵੇਗਾ।"

ਇੰਨੇ ਨੂੰ ਮੰਨੂ ਵੀ ਕੋਲਡ ਡਰਿੰਕ ਲੈ ਕੇ ਆ ਗਈ। "ਨਹੀਂ ਅੰਟੀ, ਤੁਹਾਡੀ ਗੱਲ ਨਹੀਂ ਆ, ਵੇਖੋ ਨਾ ਐਨੀ ਗਰਮੀ, ਜਿਹੜਾ ਆਉਂਦਾ ਪਹਿਲਾਂ ਪਾਣੀ, ਫਿਰ ਠੰਡਾ ਤੇ ਫਿਰ ਚਾਹ ਪੀਤੇ ਬਗੈਰ ਮੰਮਾ ਨੇ ਕਿਸੇ ਨੂੰ ਜਾਣ ਨਹੀਂ ਦੇਣਾ। ਮੈਂ ਹਾਲੇ ਪਹਿਲੇ ਬਰਤਨ ਸਾਫ਼ ਨਹੀਂ ਕੀਤੇ ਹੁੰਦੇ ਤੇ ਫਿਰ ਬੈੱਲ ਵੱਜ ਜਾਂਦੀ ਆ। ਹੁਣ ਤੁਸੀਂ ਦੱਸੋ ਮੈਂ ਸਹੀ ਕਿਹਾ ਨਾ, ਮੰਮਾ ਕੱਲ ਤੋਂ ਦਫ਼ਤਰ ਜਾਣ। ਪਰ ਮੰਮਾ ਹਾਲੇ ਵੀ ਹਿਸਾਬ ਲਾਈ ਜਾਂਦੇ, ਫਲਾਣਾ ਨਹੀਂ ਆਇਆ, ਢੀਂਗੜਾ ਨਹੀਂ ਆਇਆ।"

ਸਾਡੇ ਬਾਰ ਬਾਰ ਨਾਂਹ ਕਰਨ ਤੇ ਵੀ ਉਹਨੇ ਚਾਹ ਬਣਾ ਲਈ। ਅਸੀਂ ਪੌੜੀਆਂ ਉੱਤਰ ਹੀ ਰਹੇ ਸੀ ਕਿ ੨ ਜਣੇ ਪੌੜੀਆਂ ਚੜ੍ਹ ਰਹੇ ਸੀ। ਉਹਨਾਂ ਨੂੰ ਵੇਖ ਕੇ ਮੇਰੇ ਮੂੰਹੋਂ ਅਚਾਨਕ ਨਿਕਲਿਆ, "ਵਚਾਰੀ ਮਨੂ।" 😃😃🤔🤔