ਤਿੰਨ ਸੂਟ, ਵਾਰੀ ਨਾਲ ਬਦਲ ਬਦਲ ਕੇ ਪਾਉਣੇ। ਇੱਕ ਸੂਟ ਦੀ ਹਫਤੇ ਵਿੱਚ ਛੇ ਦਿਨ ਦੀ ਬਜਾਏ ਦੋ ਵਾਰ ਹੀ ਵਾਰੀ ਆਉਣ ਲੱਗ ਪਈ ਸੀ।
ਇੱਕ ਦਿਨ ਵਿਹਲੇ ਸਮੇਂ ਵਿੱਚ ਮੈਂ ਸਕੂਲੇ ਅਖ਼ਬਾਰ ਪੜ ਰਹੀ ਸੀ ਕਿ ਮੇਰਾ ਧਿਆਨ ਐੱਸ ਐੱਸ ਬੋਰਡ ਦੇ ਰਿਜਲਟ ਵੱਲ ਪਿਆ। ਵੇਖਿਆ ਤਾਂ ਐੱਸ ਐੱਸ ਬੋਰਡ ਵੱਲੋਂ ਲਏ ਕਲਰਕ ਦੇ ਟੈਸਟ ਦਾ ਨਤੀਜਾ ਸੀ। ਆਪਣਾ ਰੋਲ ਨੰਬਰ ਵੇਖ ਕੇ ਇਤਬਾਰ ਨਾ ਹੋਇਆ। ਪੰਜਾਬ ਵਿੱਚੋਂ 16ਵਾਂ ਨੰਬਰ ਸੀ। ਇੱਕ ਦਿਨ ਸਕੂਲੋਂ ਘਰ ਆਈ ਤਾਂ ਬੀਜੀ ਨੇ ਮੈਨੂੰ ਲਿਫਾਫਾ ਫੜਾਉਂਦਿਆਂ ਕਿਹਾ ਤੇਰੀ ਕੋਈ ਚਿੱਠੀ ਜਿਹੀ ਆਈ ਆ। ਲਿਫਾਫਾ ਖੋਲਿਆ ਤਾਂ ਡੀ ਪੀ ਆਈ (ਸ) ਪੰਜਾਬ ਚੰਡੀਗੜ੍ਹ ਤੋਂ ਚਿੱਠੀ। ਬਹੁਤੀ ਸਮਝ ਨਾ ਲੱਗੀ ਕਿਉਂਕਿ ਬੀ ਓ ਡੀ ਓ ਤਾਂ ਸੁਣਿਆ ਸੀ ਪਰ ਡੀ ਪੀ ਆਈ ਪਹਿਲੀ ਵਾਰ ਸੁਣਿਆ ਸੀ। ਇਹਨਾ ਕੁ ਜਰੂਰ ਪਤਾ ਲੱਗਾ ਕਿ ਮੇਰੀ ਚੰਡੀਗੜ੍ਹ ਨੌਕਰੀ ਦੀ ਚਿੱਠੀ ਸੀ। ਬੀਜੀ ਕਹਿੰਦੇ ਐੱਡੀ ਦੂਰ ਕਿੱਥੇ ਜਾਂਏਂਗੀ ਪਰਦੇਸ ਵਿੱਚ। ਮੈਂ ਰੁੱਸ ਕੇ ਰੋਟੀ ਨਾ ਖਾਧੀ। ਬੀਜੀ ਕਹਿੰਦੇ ਚੱਲ ਆ ਜਗਦੀਸ਼ ਰਾਜ ਨੂੰ ਪੁੱਛ ਕੇ ਆਉਂਦੇ ਆ। ਆਪਾਂ ਜਗਦੀਸ਼ ਰਾਜ ਜੋ ਕਿ ਬਾਹਰਲੇ ਸਕੂਲ ਵਿਚ ਲੈਕਚਰਰ ਸੀ ਤੇ ਮੇਰੀ ਭਰਜਾਈ ਦੇ ਭਰਾ ਸੀ ਦੇ ਘਰ ਚੱਲੇ ਤਾਂ ਰਾਹ ਵਿੱਚ ਬਰਿਜ ਲਾਲ ਮਾਸਟਰ ਮਿਲ ਗਏ। ਕਹਿੰਦੇ "ਚਾਚੀ ਕਿੱਥੇ ਚੱਲੇ ਓ?" ਬੀਜੀ ਕਹਿੰਦੇ "ਆਹ ਕੁੜੀ ਦੀ ਚਿੱਠੀ ਆਈ ਖਹਿੜੇ ਪਈ ਆ, ਜਗਦੀਸ਼ ਰਾਜ ਨੂੰ ਪੁੱਛਣ ਚੱਲੇ ਆਂ।" ਉਹਨਾਂ ਚਿੱਠੀ ਵੇਖੀ ਤੇ ਕਹਿੰਦੇ, "ਆਹ ਤਾਂ ਚਾਚੀ, ਏ ਕਲਾਸ ਦਫਤਰ ਆ।"
ਨਾ ਮੈਨੂੰ ਪਤਾ ਤੇ ਨਾ ਮੇਰੇ ਬੀਜੀ ਨੂੰ ਕਿ ਏ ਕਲਾਸ ਦਫਤਰ ਕੀ ਹੁੰਦਾ। ਅਸੀਂ ਜਗਦੀਸ਼ ਵੀਰ ਜੀ ਘਰ ਗਏ ਚਿੱਠੀ ਵਖਾਈ ਕਹਿੰਦੇ "ਮਾਸੀ ਜੀ ਜਾਣ ਦਿਓ ਕੁੜੀ ਨੂੰ, ਬਹੁਤ ਵਧੀਆ ਦਫਤਰ ਆ" ਬੀਜੀ ਕਹਿੰਦੇ, "ਬਰਿਜ ਲਾਲ ਤਾਂ ਕਹਿੰਦਾ ਏ ਕਲਾਸ ਦਫਤਰ ਆ।"
"ਮਾਸੀ ਜੀ ਮੈਂ ਵੀ ਇਹੋ ਕਹਿ ਰਿਹਾ ਸਾਰੇ ਸਕੂਲਾਂ, ਮਾਸਟਰਾਂ ਦਾ ਵੱਡਾ ਦਫਤਰ ਆ। ਛੱਡਿਓ ਨਾ ਨੌਕਰੀ।"
ਚਲੋ ਕਰ ਲਈਆਂ ਚੰਡੀਗੜ੍ਹ ਦੀਆਂ ਤਿਆਰੀਆਂ।
ਬਾਕੀ ਫੇਰ....