38 ਸਾਲ 9 ਮਹੀਨੇ ਸਰਕਾਰੀ ਨੌਕਰੀ ਅਤੇ ਲਗਭਗ ਤਿੰਨ ਸਾਲ ਪ੍ਰਾਈਵੇਟ ਨੌਕਰੀ ਕੀਤੀ। ਇੰਨਾ 41-42 ਸਾਲਾਂ ਵਿੱਚ ਸੈਂਕੜੇ ਨਹੀਂ, ਹਜ਼ਾਰਾਂ ਚੰਗੇ ਮਾੜੇ ਤਜਰਬੇ ਹੋਏ ਜੋ ਅੱਜ ਵੀ ਦਿਲੋ ਦਿਮਾਗ ਵਿਚ ਹਨ। ਕਿਸੇ ਵੇਲੇ ਸੋਚ ਕੇ ਹੈਰਾਨੀ ਵੀ ਹੁੰਦੀ ਹੈ ਕਿ ਇਹ ਸਭ ਕੁਝ ਕੀ ਸੀ?
ਸਾਲ 1972 ਵਿੱਚ 69.9% ਨੰਬਰਾਂ ਨਾਲ ਦਸਵੀਂ ਜਮਾਤ ਪਾਸ ਕੀਤੀ। ਸਰਕਾਰੀ ਕਾਲਜ ਪੱਟੀ ਤੋਂ ਪਰੈੱਪ ਪਾਸ ਕੀਤੀ। ਘਰ ਦੇ ਹਾਲਾਤਾਂ ਕਰ ਕੇ ਅੱਗੇ ਪੜਾਈ ਜਾਰੀ ਨਾ ਰੱਖ ਸਕੀ। ਪੱਟੀ ਦੇ ਹੀ ਨੈਸ਼ਨਲ ਮਾਡਲ ਸਕੂਲ ਜਿਸ ਨੂੰ ਹਾਕਮਰਾਏ ਦਾ ਸਕੂਲ ਵੀ ਕਹਿੰਦੇ ਸੀ, 40/- ਰੁਪਏ ਮਹੀਨਾ ਤੇ ਨੌਕਰੀ ਕਰ ਲਈ। ਸ਼ਾਮ ਨੂੰ ਦੋ ਬੱਚਿਆਂ ਨੂੰ ਉਹਨਾਂ ਦੇ ਘਰ ਟਿਊਸ਼ਨ ਪੜਾਉਣ ਜਾਣਾ 10/- ਰੁਪਏ ਮਹੀਨਾ। ਪਰ ਮਨ ਪੜ੍ਹਾਈ ਵਾਲੇ ਪਾਸੇ ਭਟਕਦਾ ਸੀ। ਮੇਰੀ ਸਹੇਲੀ ਦੀ ਝਾਈ ਨੇ 5 ਰੁਪਏ ਆਪਣੇ ਕੋਲੋਂ ਦੇ ਕੇ ਆਈ। ਟੀ. ਆਈ ਸਰਹਾਲੀ ਵਿੱਚ ਅੰਗਰੇਜ਼ੀ ਸਟੈਨੋਗਰਾਫੀ ਵਿਚ ਮੇਰਾ ਦਾਖਲਾ ਕਰਵਾ ਦਿੱਤਾ। ਪੇਪਰ ਖਤਮ ਹੋਣ ਸਾਰ ਹੀ ਮੈਂ ਹਰਕਿਸ਼ਨ ਸਕੂਲ (ਜਿਹੜਾ ਕਿ ਬੀਬੀ ਰਜਨੀ ਗੁਰਦੁਆਰਾ ਵਿੱਚ ਲਗਦਾ ਸੀ) ਨੌਕਰੀ ਲਈ ਅਰਜ਼ੀ ਦੇਣ ਗਈ ਤਾਂ ਉਹਨਾਂ ਕਲਰਕ ਦੀ ਨੌਕਰੀ ਲਈ ਹਾਂ ਕਰ ਦਿੱਤੀ 75/- ਰੁਪਏ ਮਹੀਨਾ। ਖ਼ੁਸ਼ੀ ਸਾਂਭੀ ਨਾ ਜਾਵੇ ਹੈਂ 75/- ਰੁਪਏ? ਘਰ ਆ ਕੇ ਦੱਸਿਆ ਤਾਂ ਸਾਰੇ ਬੜਾ ਖੁਸ਼।
ਅਗਲੇ ਦਿਨ ਸਵੇਰੇ ਹੀ ਮੇਰੇ ਬੀਜੀ ਨੇ ਦੋ ਫੁਲਕੇ ਅਚਾਰ ਨਾਲ ਅਖ਼ਬਾਰ ਵਿੱਚ ਲਪੇਟ ਕੇ ਦੇ ਦਿੱਤੇ। ਚਾਈਂ ਚਾਈਂ ਕੰਮ ਸ਼ੁਰੂ ਕੀਤਾ। ਫੀਸਾਂ ਲੈਣੀਆਂ, ਰਸੀਦਾਂ ਕੱਟਣੀਆਂ, ਕੈਸ਼ ਬੁੱਕ ਲਿਖਣੀ ਤੇ ਛੁੱਟੀ ਤੋਂ ਪਹਿਲਾਂ ਹੈੱਡ ਕਲਰਕ (ਬਜ਼ੁਰਗ ਸਰਦਾਰ ਜੀ ਸਨ, ਨਾਮ ਨਹੀਂ ਚੇਤਾ) ਕੋਲ ਕੈਸ਼ ਜਮ੍ਹਾ ਕਰਵਾਉਣਾ। ਬਹੁਤ ਵਧੀਆ ਸਮਾਂ ਬੀਤਿਆ।
ਇੱਕ ਦਿਨ ਸਕੂਲ ਦੀ ਇੱਕ ਅਧਿਆਪਕਾ ਮੇਰੇ ਕੋਲ ਆਈ ਤੇ ਕਹਿੰਦੀ, "ਤੇਰੇ ਕੋਲ ਇੱਕ ਹੀ ਸੂਟ ਆ ਰੋਜ ਉਹੀ ਪਾ ਕੇ ਆ ਜਾਣੀ ਆ।" ਮੈਂ ਕੁਝ ਨਾ ਕਿਹਾ ਪਰ ਮੇਰਾ ਰੋਣ ਨਿਕਲ ਗਿਆ। ਮੈਡਮ ਕੁਲਦੀਪ ਦੇਵਗਣ ਨੇ ਮੈਨੂੰ ਵੇਖ ਲਿਆ ਤੇ ਪੁੱਛਿਆ ਕੀ ਹੋਇਆ ਮੈਂ ਦੱਸ ਦਿੱਤਾ ਕਿ ਲਖਵਿੰਦਰ ਮੈਡਮ (ਜਿੰਨ੍ਹੂ ਸਾਰੇ ਲੱਖੀ ਟੌਹਰ ਕਹਿੰਦੇ ਸੀ) ਨੇ ਮੈਨੂੰ ਇੰਜ ਕਿਹਾ। ਤਾਂ ਉਹਨਾਂ ਮੈਨੂੰ ਪਿਆਰ ਨਾਲ ਸਮਝਾਇਆ ਕਿ ਕੋਈ ਗੱਲ ਨਹੀਂ।
ਮੈਂ ਘਰ ਜਾ ਕੇ ਵੀ ਬਹੁਤ ਰੋਈ। ਮੇਰੇ ਕੋਲ ਸੱਚੀਂ ਇੱਕ ਹੀ ਸੂਟ ਹੁੰਦਾ ਸੀ ਬਿਸਕੁਟੀ ਰੰਗ ਦਾ ਉਹੀ ਰੋਜ ਧੋ ਲੈਣਾ ਤੇ ਰਾਤ ਨੂੰ ਹੱਥਾਂ ਨਾਲ ਸਿੱਧਾ ਤਹਿ ਕਰਕੇ ਟਰੰਕ ਦੇ ਹੇਠਾਂ ਰੱਖ ਦੇਣਾ ਤਾਂ ਕਿ ਪ੍ਰੈੱਸ ਹੋ ਜਾਵੇ। ਸਵੇਰੇ ਉਹੀ ਪਾ ਕੇ ਚਲੇ ਜਾਣਾ।
ਮੇਰੇ ਬੀਜੀ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ। ਉਹ ਮੈਨੂੰ ਠਾਣੇ ਲਾਗੇ ਭਾਟੀਏ ਦੀ ਹੱਟੀ ਤੇ ਲੈ ਗਏ ਤੇ ਉਹਨੂੰ ਕਿਹਾ ਕਿ ਕੁੜੀ ਨੂੰ ਦੋ ਸੂਟ ਦੇ, ਮੈਂ ਬੜਾ ਮਨ੍ਹਾ ਕੀਤਾ ਪਰ ਬੀਜੀ ਦੇ ਬਾਰ ਬਾਰ ਕਹਿਣ ਤੇ ਮੈਂ ਦੋ ਕਮੀਜ ਲੈ ਲਏ ਕਿਉਂ ਕਿ ਮੇਰੇ ਕੋਲ ਕਰੀਮ ਰੰਗ ਦੀ ਚੁੰਨੀ ਤੇ ਸਲਵਾਰ ਹੈਗੀ ਸੀ। ਹੁਣ ਮੇਰੇ ਕੋਲ ਤਿੰਨ ਸੂਟ ਹੋ ਗਏ ਸੀ।
ਬਾਕੀ ਫੇਰ......