ਮਹੀਨਾ ਕੁ ਲੋਕਾਂ ਦਾ ਆਉਣਾ ਜਾਣਾ ਰਿਹਾ। ਰੋਣ ਵਾਲੇ ਘੱਟ ਤੇ ਗੱਲਾਂ ਕਰਕੇ ਰਵਾਉਣ ਵਾਲੇ ਜਿਆਦਾ ਆਉਂਦੇ। ਲਾਡੀ ਛੋਟਾ ਸੀ ਬੜੀ ਜਿੱਦ ਕਰਿਆ ਕਰੇ ਕਿ ਭਾਪਾ ਜੀ ਕੋਲੋਂ ਹੀ ਰੋਟੀ ਖਾਣੀ। ਬੀਜੀ ਨੇ ਭਾਪਾ ਜੀ ਦੀ ਫੋਟੋ ਉਹਦੇ ਕੋਲ ਰੱਖ ਕੇ ਫਿਰ ਰੋਟੀ ਖਵਾਉਣੀ ਨਾਲ ਰੋਈ ਜਾਣਾ।
ਭਾਜੀ ਸ਼ੰਭੂ (ਬਿਸ਼ੰਬਰ ਦਾਸ) ਦੀ ਪੱਕੀ ਰੁਟੀਨ ਸੀ, ਰਾਤ ਨੂੰ ਦੁਕਾਨ ਤੋਂ ਆ ਕੇ ਭਾਵੇਂ 5-7 ਮਿੰਟ ਖੜੇ ਖੜੇ ਹੀ ਆਉਣਾ ਪਰ ਆਉਣਾ ਜਰੂਰ। ਅਸੀਂ ਵੀ ਉਡੀਕਦੇ ਰਹਿਣਾ। ਔਖੇ ਟਾਈਮ ਉਹਨਾਂ ਬਹੁਤ ਸਾਥ ਦਿੱਤਾ। ਨਾਨਕੇ ਵੀ ਚੰਗੇ ਸੀ ਆਉਂਦੇ ਜਾਂਦੇ ਕੁਝ ਨ ਕੁਝ ਦੇ ਜਾਂਦੇ ਸੀ। ਇਹ ਗੱਲ ਮੈਨੂੰ ਭੈਣ ਜੀ ਨੇ ਦੱਸੀ ਕਿ ਕਈ ਵਾਰ ਭੁੱਖੇ ਵੀ ਸੁੱਤੇ। ਇੱਕ ਸ਼ਾਮ ਅਸੀਂ ਬੱਤੀਆਂ ਬੰਦ ਕਰਕੇ ਲੰਮੇ ਪਏ ਸੀ ਕਿ ਚਿਮਨ ਮਾਮਾ ਜੀ ਆ ਗਏ ਉਹਨਾਂ ਦੇ ਪੁੱਛਣ ਤੇ ਦੱਸਣਾ ਪਿਆ ਕਿ ਘਰ ਨਾਂ ਆਟਾ ਏ ਨਾ ਸਬਜੀ। ਉਹਨਾਂ ਪੈਸੇ ਦਿੱਤੇ ਕਿ ਜਾ ਕੇ ਆਟਾ ਲਿਆਓ ਨਾਲੇ ਆਪ ਰੋਟੀ ਖਾਓ ਨਾਲੇ ਮੈਨੂੰ ਖਵਾਓ। ਤੁਸੀਂ ਕੁੜੀਆਂ ਨਹੀਂ ਜੇ ਮੁੰਡੇ ਬਣੋ।
ਉਸ ਟਾਈਮ ਨਾ ਤਾਂ ਕੁੜੀਆਂ ਨੂੰ ਬਹੁਤਾ ਪੜਾਇਆ ਜਾਂਦਾ ਸੀ ਤੇ ਨਾਂ ਹੀ ਬਹੁਤਾ ਅੰਦਰ ਬਾਹਰ ਜਾਣ ਦਿੱਤਾ ਜਾਂਦਾ ਸੀ। ਸਭ ਤੋਂ ਵੱਡੇ ਭੈਣ ਜੀ ਸੱਤਿਆ ਦਾ ਵਿਆਹ ਅਠਵੀਂ ਕਰਣ ਤੋਂ ਬਾਅਦ ਸਿਲਾਈ ਕਢਾਈ ਸਿਖਾ ਕੇ ਭਾਪਾ ਜੀ ਦੇ ਜਿਉਂਦਿਆਂ ਹੀ ਹੋਇਆ ਸੀ। ਬਾਕੀ 7 ਭੈਣ ਭਰਾ ਕੁਆਰੇ ਸਾਂ। ਵੀਰ ਤਿਲਕ ਰਾਜ ਨੂੰ ਵੀ ਦੁਕਾਨ ਕਰਕੇ ਮਜਬੂਰਨ ਪੜਾਈ ਛੱਡਣੀ ਪਈ। ਬੀਜੀ ਬੜੇ ਹਿੰਮਤੀ ਸੀ, ਮੈਂ ਉਹਨਾਂ ਨੂੰ ਕਦੇ ਵਿਹਲੇ ਬੈਠੇ ਨਹੀਂ ਸੀ ਵੇਖਿਆ। ਸ਼ਾਇਦ ਉਹਨਾਂ ਸਦਕਾ ਹੀ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਮਿਹਨਤ ਕਰਨ ਦੀ ਆਦਤ ਹੈ।
ਮਾੜੀ ਜਿਹੀ ਬੱਦਲ ਵਾਹੀ ਹੋਣੀ ਤਾਂ ਬੀਜੀ ਨੇ ਝੱਟ ਮਿੱਟੀ ਵਿੱਚ ਤੂੜੀ ਰਲਾ ਕੇ ਥੋਬੇ ਬਣਾ ਲੱਕੜ ਦੀ ਪੌੜੀ ਰਾਹੀਂ ਛੱਤ ਦੀਆਂ ਚਾਰੇ ਨੁੱਕਰਾਂ ਵਿੱਚ ਰੱਖ ਦੇਣੇ ਤੇ ਨਾਲ ਆਪੇ ਗੱਲਾਂ ਕਰੀ ਜਾਣੀਆਂ ਕਿ ਵਾਹ੍ਹ (ਹਵਾ) ਚਲਦੀ ਆ ਉਹਨੇ ਆਪੇ ਡਾ (ਉਡਾ) ਕੇ ਲੈ ਜਾਣਾ। ਉਹੋ ਗੱਲ ਹੋਣੀ ਬੱਦਲ ਉੱਡ ਜਾਣਾ ਤੇ ਫਟਾਫਟ ਕੋਠੇ ਦੀ ਛੱਤ ਲਿੰਬ ਦੇਣੀ ਹਵਾ ਨਾਲ ਝੱਟ ਆਠ੍ਹਰ ਜਾਣੀ ਤੇ ਅਗਲੇ ਦਿਨ ਫਿਰ ਉੱਤੇ ਗੋਹਾ ਮਿੱਟੀ ਫੇਰ ਦੇਣਾ। ਇੱਟਾਂ ਨਾਲ ਚੌਂਕੇ ਦੀ ਕੰਧ ਕਰਕੇ ਕਾਂਡੀ ਨਾਲ ਟੀਪ ਕਰਣੀ। ਚੁਲ੍ਹਾ, ਅੰਗੀਠੀ, ਭੜੋਲੀ, ਤੰਦੂਰ ਬਣਾਉਣੇ। ਪਰੋਲਾ ਫੇਰਣਾ। ਮੀਂਹ ਕਣੀ ਹੋਣਾ ਤਾਂ ਰਾਤ ਨੂੰ ਬੂਰੇ ਵਾਲੀ ਅੰਗੀਠੀ ਵਿੱਚ ਨੱਪ ਨੱਪ ਕੇ ਬੂਰਾ ਭਰਣਾ ਤੇ ਸੰਗਲੀ ਨਾਲ ਬੱਝੇ ਢੱਕਣ ਇੱਕ ਉੱਤੇ ਤੇ ਇੱਕ ਸਾਹਮਣੇ ਲਾ ਕੇ ਬੰਦ ਕਰ ਦੇਣਾ ਤੇ ਸਵੇਰੇ ਉਹ ਅੰਦਰ ਹੀ ਰੱਖ ਕੇ ਰੋਟੀ ਟੁੱਕ ਬਣਾਉਣਾ। ਪਿੱਤਲ ਦੇ ਭਾਂਡੇ ਸੁੱਕ ਮਾਂਜ ਕਰਨੇ। ਹਰਾ ਖੱਦਰ ਲਿਆ ਕੇ ਪੇਟੀਆਂ ਟਰੰਕਾਂ, ਮੇਜ ਦੇ ਛਾੜ ਹੱਥ ਨਾਲ ਲੇੜ੍ਹ ਕੇ ਬਣਾਉਣੇ ਉੱਤੇ ਲਾਲ ਗੁਲਾਬੀ ਰੰਗ ਦਾ ਕਾਂਟਾ ਕਰਣਾ। ਲੋਕਾਂ ਦੇ ਸਵੈਟਰ ਉਨਣੇ, ਸ਼ਾਲ ਕੱਢਣੇ, ਖੇਸਾਂ ਦੇ ਪਰੂੰਬਲ ਵੱਟਣੇ, ਨਾਲੇ ਉਨਣੇ, ਸੇਵੀਆਂ ਵੱਟਣੀਆਂ, ਕੈਂਚੀ ਚੱਪਲਾਂ ਦੇ ਸਟੈਪ ਕੱਟਣੇ, ਲਾਲ ਮਿਰਚਾਂ ਗਿੱਲੀਆਂ ਲਿਆ ਕੇ ਸੁਕਾ ਕੇ ਵੇਚਣੀਆਂ। ਰੱਦੀ ਲਿਆ ਕੇ ਲਿਫਾਫੇ ਬਣਾਉਣੇ, ਕਿਤਾਬਾਂ ਦੀਆਂ ਜਿਲਦਾਂ ਬੰਨਣੀਆਂ, ਪਤਾ ਨਹੀਂ ਹੋਰ ਕਿੰਨੇ ਹੱਥੀਂ ਕੰਮ ਕਰਨੇ ਪਰ ਕਦੇ ਥੱਕਣਾ ਨਹੀਂ।
ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੱਲੀਆਂ ਜੋੜਕੇ ਮੱਝਾਂ ਵਾਸਤੇ ਤੱਪੜ ਤਿਆਰ ਕਰ ਲੈਣਾ। ਗਊਸ਼ਾਲਾ ਵਾਲੀ ਬੰਬੀ ਤੇ ਮੱਝਾਂ ਨੂੰ ਪਾਣੀ ਡਾਹੁਣ ਜਾਣਾ ਤੇ ਨਵਾਅ ਧਵਾਅ ਕੇ ਲਿਆਉਣਾ। ਤੜਕੇ ਉੱਠ ਕੇ ਮੱਝਾਂ ਦੀ ਧਾਰ ਕੱਢਣੀ। ਦੁੱਧ ਲਿਜਾਣ ਵਾਲਿਆਂ ਦਾ ਮਹੀਨੇ ਦਾ ਹਿਸਾਬ ਪਤਾ ਨਹੀਂ ਕਿਵੇਂ ਕਰਣਾ।
ਪੱਠੇ ਵੱਢ ਕੇ ਦਾਤਰੀ ਨਾਲ ਨਿਸ਼ਾਨੀ ਲਾ ਕੇ ਆਉਣਾ। ਪੱਠਿਆਂ ਦੀ ਪੰਡ ਸਿਰ ਤੇ ਚੁੱਕ ਕੇ ਲਿਆਉਣੀ ਘਰ ਆ ਕੇ ਹੱਥ ਵਾਲੇ ਟੋਕੇ ਨਾਲ ਪੱਠੇ ਕੁਤਰਨੇ। ਰਾਤੀਂ ਖਲ ਭਿਓਂਣੀ ਸਵੇਰੇ ਤੂੜੀ ਤੇ ਪਾ ਕੇ ਹੱਥਾਂ ਨਾਲ ਮਲ ਮਲ ਕੇ ਗੁਤਾਵਾ ਬਣਾ ਕੇ ਉੱਤੇ ਆਟਾ ਧੂੜਣਾ। ਦੋ ਵੇਲੇ ਮੱਝਾਂ ਦੀ ਧਾਰ ਕੱਢਣੀ। ਗੋਹੇ ਦੀਆਂ ਪਾਥੀਆਂ ਪੱਥਣੀਆਂ, ਉਲਟਾਅ ਪਲਟਾਅ ਕੇ ਸੁਕੌਣੀਆਂ, ਫਿਰ ਭੰਨ ਕੇ ਅੱਧੀਆਂ ਅੱਧੀਆਂ ਕਰ ਕੇ ਸੁਕੌਣੀਆਂ। ਜਿਹੜੀਆਂ ਵੇਚਣੀਆਂ ਹੁੰਦੀਆਂ ਉਹ ਸਬੂਤੀਆਂ ਰੱਖਣੀਆਂ ਜਦੋਂ ਸੁੱਕ ਜਾਣੀਆਂ ਤਾਂ ਬੋਰੀਆਂ ਵਿੱਚ ਭਰ ਕੇ ਸੰਭਾਲਣੀਆਂ। ਮੀਂਹ ਦਾ ਛੜ੍ਹਾਕਾ ਆਉਣਾ ਤਾਂ ਬੋਰੀ ਦਾ ਕੁੱਪ ਬਣਾ ਸਿਰ ਤੇ ਰੱਖ ਕੇ ਚੁੱਲ੍ਹਾ ਢੱਕਣਾ ਵਿਹੜੇ ਵਿੱਚ ਖਿੱਲਰਿਆ ਨਿੱਕ ਸੁੱਕ ਸੰਭਾਲਣਾ। ਛੱਤ ਚੋਣ ਲੱਗ ਪੈਣੀ ਤਾਂ ਥਾਂ ਥਾਂ ਬਾਲਟੀ, ਡੋਲ, ਬਾਲਟੇ ਰੱਖਣੇ। ਭਰਣ ਤੇ ਚੁੱਕ ਕੇ ਵਿਹੜੇ ਵਿੱਚ ਡੋਹਲਣਾ ਤੇ ਸਵੇਰੇ ਧੁੱਪ ਲੱਗਦੀ ਤਾਂ ਨਿਆਣਿਆਂ ਨੂੰ ਅੰਦਰ ਜਾਣ ਦੀ ਮਨਾਹੀ ਹੁੰਦੀ। ਕੜਾਕੀ ਧੁੱਪ ਕਰਕੇ ਕਦੇ ਬਾਲਾ, ਕਦੇ ਫੱਟਾ ਤੇ ਕਦੇ ਛਤੀਰੀ ਹੀ ਤਿੜਕ ਜਾਂਦੀ ਸੀ ਜੇ ਫੱਟਿਆਂ ਵਿੱਚੋਂ ਮਿੱਟੀ ਕਿਰਣੀ ਤਾਂ ਬਾਲੇ ਵਿੱਚੋਂ ਦੀ ਇੱਕ ਹੋਰ ਫੱਟੀ ਫਸਾ ਦੇਣੀ। ਜੇਕਰ ਕੋਈ ਬਾਲਾ ਲਿਫ ਜਾਣਾ ਤਾਂ ਹੇਠਾਂ ਇੱਕ ਹੋਰ ਬਾਲੇ ਜਾਂ ਵਾਂਸ ਦੀ ਥੰਮ੍ਹੀ ਦੇ ਦੇਣੀ।
ਚਿੜੀਆਂ ਨੇ ਚੀਂ ਚੀਂ ਕਰਦੀਆਂ ਨੇ ਰੌਲਾ ਪਾਉਣਾ ਤਾਂ ਝੱਟ ਕਹਿਣਾ ਕਿ ਉੱਧਰ ਕੁਝ ਲੱਗਦਾ ਬਨੇਰੇ ਉੱਤੋਂ ਦੀ ਵੇਖਣਾ ਤਾਂ ਸੱਚੀਂ ਕੁਝ (ਸੱਪ) ਕੰਧ ਤੇ ਚੜਦਾ ਆਉਣਾ ਸੋਟਾ ਮਾਰ ਕੇ ਥੱਲੇ ਸੁੱਟ ਦੇਣਾ। ਗੁੱਗਲ ਧਖਾਉਣਾ, ਕੱਚੀ ਲੱਸੀ ਦਾ ਛਿੱਟਾ ਦੇਣਾ।
ਸੱਪ ਨੇ ਬਾਲੇ ਨੂੰ ਵਲੇਟਾ ਮਾਰਿਆ ਵੇਖ ਨਿਆਣਿਆਂ ਨੂੰ ਬਾਹਰ ਕੱਢ ਕੇ ਆਪ ਭੱਜ ਕੇ ਛੱਤ ਤੇ ਚੜ੍ਹ ਕੇ ਗੰਡਾਸੀ ਨਾਲ ਛੱਤ ਪਾੜਣੀ ਤਾਂ ਕਿ ਛੱਤ ਰਸਤੇ ਬਾਹਰ ਚਲਾ ਜਾਵੇ। ਬਾਹਰ ਜਾਣ ਦੀ ਬਜਾਏ ਪੂਛ ਨਾਲ ਬਾਲੇ ਨੂੰ ਵਲੇਟਾ ਮਾਰ ਸੱਪ ਦਾ ਕਮਰੇ ਵਿੱਚ ਲਮਕਣਾ ਫਿਰ ਭੱਜ ਕੇ ਹੇਠਾਂ ਆ ਕੇ ਉਹਨੂੰ ਸੋਟਿਆਂ ਨਾਲ ਮਾਰ ਮੁਕਾਉਣਾ। ਕਿੱਥੋਂ ਆਉਂਦੀ ਸੀ ਇੰਨੀ ਹਿੰਮਤ।
ਮਲੇਰੀਆ ਫੈਲਣ ਤੋਂ ਪਹਿਲਾਂ ਹੀ ਸਰਕਾਰੀ ਹਸਪਤਾਲ ਤੋਂ ਕੁਨੀਨ ਦੀਆਂ ਗੋਲੀਆਂ ਲੈ ਆਉਣੀਆਂ ਵਾਰੀ ਨਾਲ ਇੱਕ ਇੱਕ ਜਾਣੇ ਨੂੰ ਰੋਜ ਇੱਕ ਗੋਲੀ ਨਾਲ ਦੁੱਧ ਦਾ ਆਸ੍ਹਰ (ਅੱਧਾ ਸੇਰ) ਵਾਲਾ ਗਿਲਾਸ ਦੇਣਾ। ਬੜੇ ਖੁਸ਼ ਹੋਣਾ ਕਿ ਅੱਜ ਦੁੱਧ ਮਿਲੂਗਾ।
ਅੱਖਾਂ ਦੁਖਣੀਆਂ ਆਉਣੀਆਂ ਤਾਂ ਮੂੰਗਰੇ ਲਿਆ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪਾ ਦੇਣੇ। ਫੋੜੇ ਫਿਣਸੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿੰਮ ਰਿੰਨ ਕੇ ਨਵ੍ਹਾਹੁਣਾ। ਜੇ ਫੋੜੇ ਨਿਕਲ ਹੀ ਆਉਣੇ ਤਾਂ ਤੂੰਬੇ ਨਾਲ ਨੀਲੀ ਦਵਾਈ ਲਾ ਨਾਲ ਫੂਕਾਂ ਮਾਰੀ ਜਾਣੀਆਂ।
ਬਗੈਰ ਘੜੀ ਤੋਂ ਟਾਈਮ ਦਾ ਪਤਾ ਕਿਵੇਂ ਲੱਗਣਾ। ਸਕੂਲੋਂ ਛੁੱਟੀ ਕਰਕੇ ਘਰ ਆਉਣਾ ਤਾਂ ਤਵਾ ਧਰਿਆ ਹੋਣਾ, ਵੇਲਿਆ ਫੁਲਕਾ ਝੱਟ ਤਵੇ ਤੇ ਪਾ ਦੇਣਾ। ਸਲਵਾਰ ਗੋਡਿਆਂ ਤੋਂ ਘਸ ਜਾਣੀ ਤਾਂ ਅੰਦਰ ਵਾਰ ਟਾਕੀ ਲਾ ਕੇ ਸੂਈ ਨਾਲ ਬਖੀਆ ਕਰ ਲੈਣਾ।
ਕਣਕ ਸੰਭਾਲਣ ਲਈ ਕਮਰੇ ਅੰਦਰ ਹੀ ਕੰਧ ਕਰਕੇ ਕੋਠੜੀ ਬਣਾ ਲਈ। ਚੋਰਾਂ ਨੇ ਬਾਹਰੋਂ ਕੰਧ ਪਾੜ ਕੇ ਕਣਕ ਕੱਢ ਲਈ, ਹਿੰਮਤ ਨਾ ਹਾਰੀ, ਪਿੱਛੇ ਟੀਨ ਲਾ ਕੇ ਫਿਰ ਕੋਠੜੀ ਤਿਆਰ ਕੀਤੀ।
ਪੀਹਣ ਕਰਣਾ, ਕਣਕ ਸਿਰ ਤੇ ਚੁੱਕ ਕੇ ਚੱਕੀ ਤੇ ਸੁੱਟ ਕੇ ਆਉਣੀ, ਕੋਲ ਖਲੋ ਕੇ ਆਟਾ ਪਿਸਾ ਕੇ ਲਿਆਉਣੀ। ਕਦੇ ਨਾ ਕਹਿਣਾ ਕਿ ਆਟਾ ਮੁੱਕ ਗਿਆ ਕਹਿਣਾ ਵਾਧੇ ਪੈ ਗਿਆ। ਬੋਰੀ ਵਿੱਚੋਂ ਆਟਾ ਗੁੰਨਣ ਵਾਸਤੇ ਸਿੱਧਾ ਪਰਾਤ ਵਿੱਚ ਨਾਂ ਪਾਉਣਾ ਪਹਿਲਾਂ ਡਰੱਮ ਵਿੱਚ ਪਲਟਣਾ ਫਿਰ ਡਰੱਮ ਵਿੱਚੋਂ ਪਰਾਤ ਵਿਚ ਪਾਉਣਾ। ਕਹਿਣਾ ਨਹੀਂ ਤੇ ਬਰਕਤ ਉੱਡ ਜਾਂਦੀ ਆ।
ਇਹ ਸਭ ਕੁਝ ਅਤੇ ਇਸ ਤੋਂ ਇਲਾਵਾ ਵੀ ਬਥੇਰੇ ਕੰਮ ਕਰਨ ਵਾਲੀ ਸੀ ਕੋਰੀ ਅਨਪੜ੍ਹ ਤੇ ਗੁਣਾਂ ਦੀ ਗੁਥਲੀ "ਸਾਡੀ ਮਾਂ"
ਬਾਕੀ ਫੇਰ....