ਲਿਖਣਾ ਤਾਂ ਮੈਂ ਅਗਲਾ ਸਫਰ ਚਾਹੁੰਦੀ ਸੀ ਪਰ ਪਹਿਲੀਆਂ ਦੋ ਪੋਸਟਾਂ ਤੇ ਆਈਆਂ ਬਹੁਤ ਪਿਆਰੀਆਂ ਤੇ ਭਾਵੁਕ ਟਿੱਪਣੀਆਂ ਨੇ ਮੈਨੂੰ ਹੋਰ ਥੋੜਾ ਚਿਰ ਆਪਣੇ ਪੇਕੇ ਪਿੰਡ ਦੀ ਜੂਹ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ।
ਸਾਂਝਾ ਵਿਹੜਾ ਤਕਰੀਬਨ 14-15 ਮਰਲੇ ਜਗ੍ਹਾ, 25-26 ਮੈਂਬਰ, ਤਿੰਨ ਚੌਂਕੇ। ਦੋ ਸਾਡੇ ਤਾਇਆ ਜੀ ਦੇ ਮੁੰਡਿਆਂ ਦੇ ਤੇ ਇਕ ਸਾਡਾ। ਉਹਨਾਂ ਦੇ ਪੱਕੇ ਫਰਸ਼, ਪੱਕੀਆਂ ਛੱਤਾਂ ਤੇ ਸਾਡਾ ਕੱਚਾ ਵਿਹੜਾ, ਫੱਟਿਆਂ ਦੀਆਂ ਛੱਤਾਂ ਸੀ। ਕੋਈ ਤੇਰ ਮੇਰ ਨਹੀਂ ਸੀ। ਇਕੱਠੇ ਛਟਾਪੂ ਖੇਡਣਾ, ਗੀਟੇ ਖੇਡਣਾ, ਪੱਠੇ ਕੁਤਰਨੇ ਇਕੱਠੇ ਪੜ੍ਹਣਾ, ਦੁਪਹਿਰੇ ਖੇਡਦੇ ਖੇਡਦੇ ਉਨ੍ਹਾ ਦੀ ਬੈਠਕ ਵਿਚ ਹੀ ਸੌਂ ਜਾਣਾ ਕਿਉਂਕਿ ਉਹਨਾਂ ਦੇ ਛੱਤ ਵਾਲੇ ਪੱਖੇ ਲੱਗੇ ਹੁੰਦੇ ਸੀ। 13-14 ਨਿਆਣੇ ਉਮਰ ਹਾਣੀ ਸੀ ਕੋਈ ਸਾਲ ਛੋਟਾ ਤੇ ਕੋਈ ਸਾਲ ਵੱਡਾ। ਕੋਈ ਇੱਕ ਦਿਨ ਵੀ ਯਾਦ ਨਹੀਂ ਕਿ ਅਸੀਂ ਲੜੇ ਹੋਈਏ।
ਅਸੀਂ 8 ਭੈਣ ਭਰਾ (5 ਭੈਣਾਂ ਤਿੰਨ ਭਰਾ) ਭਾਪਾ ਜੀ ਕੋਟ ਬੁੱਢੇ ਦੁਕਾਨ ਕਰਦੇ ਸੀ ਅਕਸਰ ਹੀ ਢਿੱਲੇਮੱਠੇ ਰਹਿਣ ਕਰਕੇ ਵੱਡਾ ਵੀਰ ਤਿਲਕ ਰਾਜ ਉਹਨਾਂ ਨਾਲ ਹੱਟੀ ਤੇ ਬਹਿੰਦਾ ਸੀ। ਭਾਪਾ ਜੀ ਪੱਕੇ ਦੇਸ਼ ਭਗਤ ਹਰ ਸਾਲ 15 ਅਗਸਤ 26 ਜਨਵਰੀ ਨੂੰ ਡਾਕ ਬੰਗਲੇ ਸਰਕਾਰੀ ਪ੍ਰੋਗਰਾਮ ਵਿੱਚ ਜਾ ਕੇ ਆਪਣੀ ਲਿਖੀ ਕਵਿਤਾ ਪੜ ਕੇ ਸੁਣਾਉਣੀ।
ਸਾਲ 1968 ਜਦੋਂ ਮੇਰਾ ਛੋਟਾ ਭਰਾ ਲਾਡੀ ਪੌਣੇ ਤਿੰਨ ਸਾਲ ਦਾ ਤੇ ਉਸ ਤੋਂ ਵੱਡਾ ਇੰਦਰਜੀਤ ਸਾਢੇ ਛੇ ਸਾਲ ਦਾ ਸੀ, ਰਾਤ ਭਾਪਾ ਜੀ ਨੂੰ ਬਹੁਤ ਜੋਰ ਦੀ ਖੰਗ ਛਿੜੀ ਮੇਰੇ ਭੈਣ ਜੀ (ਸ਼ਸ਼ੀ ਬਾਲਾ) ਨੇ ਉੱਠ ਕੇ ਪੀਣ ਲਈ ਪਾਣੀ ਦਿੱਤਾ ਤੇ ਭਾਪਾ ਜੀ ਦੇ ਬੋਲ ਸੀ "ਤੁਸੀਂ ਵੀ ਕਹਿਣਾ ਸੌਣ ਨਹੀਂ ਦਿੰਦਾ ਚਾਰ ਦਿਨ ਬਾਅਦ ਰੱਜ ਕੇ ਸੌਂ ਲਏਓ।" ਉਹੀ ਗੱਲ ਹੋਈ ਐਤਵਾਰ ਦਾ ਦਿਨ ਲਾਡੀ ਵਾਣ ਵਾਲੇ ਮੰਜੇ ਉੱਤੇ ਭਾਪਾ ਜੀ ਨਾਲ ਲੰਮੇ ਪਿਆ ਖੇਡ ਰਿਹਾ ਸੀ। ਮੈਂ ਉਹਦੇ ਕੋਲ ਹੀ ਬੈਠੀ ਸੀ। ਭਾਪਾ ਜੀ ਆਪਣੇ ਆਪ ਨਾਲ ਗੱਲਾਂ ਕਰ ਰਹੇ ਸੀ "ਵੀਰਵਾਰ। (ਉਂਗਲਾ ਤੇ ਗਿਣਕੇ) ਸ਼ੁੱਕਰ, ਸ਼ਨਿਚਰ ਤੇ ਐਤਵਾਰ। ਐਤਵਾਰ ਇਹਨਾ ਨੇ ਚੌਥਾ ਨਹੀਂ ਕਰਣਾ।" ਬੀਜੀ ਆਟਾ ਛਾਣਦੇ ਛਾਣਦੇ ਆਏ, ਪੁੱਛਣ ਤੇ ਟਾਲਮਟੋਲ ਕਰ ਗਏ। ਵੇਖਦੇ ਵੇਖਦੇ ਉਹਨਾਂ ਦਾ ਫਿਰ ਸਾਹ ਉੱਖੜ ਗਿਆ। ਡਾਕਟਰ ਤ੍ਰੇਹਨ ਦੇ ਹਸਪਤਾਲ ਦਾਖ਼ਲ ਕਰਵਾਇਆ ਪਰ ਜਿੱਦ ਕਰਕੇ ਘਰ ਆ ਗਏ ਬੱਸ ਇੱਕੋ ਗੱਲ, "ਮੈਨੂੰ ਘਰ ਲੈ ਜਾਓ, ਮੇਰਾ ਟਾਈਮ ਹੋ ਗਿਆ ਡੇੜ ਵਜੇ ਮੈਂ ਜਾਣਾ।" ਤਰੀਕ ਤਾਂ ਚੇਤੇ ਨਹੀਂ ਪਰ ਗਰਮੀਆਂ ਦੀਆਂ ਛੁੱਟੀਆਂ ਸੀ, ਦਿਨ ਵੀਰਵਾਰ, ਦੁਪਹਿਰ ਦਾ ਡੇੜ, ਸਿਰਹਾਣੇ ਕਣਕ, ਹੱਥ ਤੇ ਦੀਵਾ ਤੇ ਲਾਡੀ ਦੇ ਗੋਡੇ ਤੇ ਸਿਰ ਭਾਜੀ ਬਸ਼ੰਬਰ ਦਾਸ ਦੀ ਬੈਠਕ, ਅੱਜ ਵੀ ਚੇਤਾ ਕਰਕੇ ਲੂੰ ਕੰਢੇ ਖੜੇ ਹੋ ਜਾਂਦੇ ਨੇ। 😪 ਇਸ ਤੋਂ ਬਾਅਦ ਸਾਡੇ ਬੀਜੀ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। 😪
ਬਾਕੀ ਫੇਰ....