ਹੁਣ ਕਾਹਦੀਆਂ ਗਰਮੀ ਦੀਆਂ ਛੁੱਟੀਆਂ। ਛੁੱਟੀਆਂ ਤਾਂ ਸਾਡੇ ਬਚਪਨ ਵਿੱਚ ਹੁੰਦੀਆਂ ਸੀ, ਪੂਰੇ ਦੋ ਮਹੀਨਿਆਂ ਦੀਆਂ। ਅਸੀਂ ਜੂਨ ਜੁਲਾਈ ਦੀਆਂ ਛੁੱਟੀਆਂ ਕਹਿੰਦੇ ਸੀ। ਛੁੱਟੀਆਂ ਸ਼ੁਰੂ ਹੁੰਦਿਆਂ ਹੀ ਥੋੜ੍ਹੇ ਦਿਨਾਂ ਵਿੱਚ ਹੀ ਛੁੱਟੀਆਂ ਦਾ ਕੰਮ ਮੁਕਾ ਲਈਦਾ ਸੀ। ਨਾਨਕੇ ਜਾਣ ਦਾ ਵੱਖਰਾ ਹੀ ਚਾਅ ਹੁੰਦਾ ਸੀ। ਮਾਮਾ ਜੀ ਨੇ ਲੈਣ ਆਉਣਾ। ਪੱਟੀ ਤੋਂ ਭਿਖੀਵਿੰਡ ਟਾਂਗੇ ਤੇ ਅਤੇ ਅੱਗੋਂ ਤੁਰ ਕੇ, ਕਦੇ ਘੋੜੀ ਤੇ ਕਦੇ ਸਾਈਕਲ ਤੇ। ਤਿੱਖੀ ਧੁੱਪ ਪਰ ਗਰਮੀ ਨਾ ਲੱਗਣੀ, ਨਾਨਕੇ ਜਾਣ ਦਾ ਚਾਅ ਗਰਮੀ ਲੱਗਣ ਹੀ ਨਹੀਂ ਸੀ ਦਿੰਦਾ। ਤੁਰੇ ਤੁਰੇ ਜਾਂਦੇ ਖਾਲ ਵਿੱਚੋਂ ਬੁੱਕ ਭਰ ਕੇ ਪਾਣੀ ਪੀਣ ਦਾ ਵੱਖਰਾ ਹੀ ਮਜਾ ਸੀ। ਘਰ ਜਾਣਾ ਤਾਂ ਜਿਵੇਂ ਸਾਰਿਆਂ ਨੂੰ ਚਾਅ ਹੀ ਚੜ੍ਹ ਜਾਣਾ। ਥੋੜਾ ਚਿਰ ਪ੍ਰਾਹੁਣਿਆਂ ਵਾਂਗ ਬਹਿਣਾ। ਫਿਰ ਬਸ ਕਦੇ ਅੰਦਰ ਕਦੇ ਬਾਹਰ, ਕਦੇ ਸਬਾਤ ਵਿੱਚ ਕਦੇ ਸੁਫੇ ਵਿੱਚ। ਤਕਾਲਾਂ ਵੇਲੇ ਨਾਨੀ ਨੇ ਚਾਹ ਬਣਾਉਣੀ। ਚੌਂਕੇ ਅੱਗੇ ਬਹਿ ਛੰਨੇ, ਕੌਲ ਵਿੱਚ ਚਾਹ, ਸਰਪੋਸ ਵਿੱਚੋਂ ਤੰਦੂਰ ਦੀ ਰੋਟੀ ਉੱਤੇ ਲੂਣ ਲਾ ਕੇ ਚਾਹ ਵਿੱਚ ਡੁਬੋ ਕੇ ਖਾਣ ਦਾ ਵੱਖਰਾ ਹੀ ਆਨੰਦ ਸੀ। ਮੇਰੇ ਬੀਜੀ ਦਾ ਚਾਚਾ, ਜਿਨੂੰ ਸਾਰੇ ਨਿੱਕਾ ਕਹਿੰਦੇ ਸੀ, ਨੇ ਵੱਗ ਚਾਰ ਕੇ ਆਉਣਾ, ਡੰਗਰਾਂ ਨੂੰ ਥਾਓਂ ਥਾਈਂ ਬੰਨ੍ਹ ਕੇ ਆਲੇ ਵਿੱਚੋਂ ਚਿੱਟੇ ਰੰਗ ਦੇ ਫੌਜੀ ਮੱਗ ਵਿੱਚ ਰੱਖੀ ਠੰਢੀ ਚਾਹ ਝੀਕ ਲਾ ਕੇ ਪੀ ਜਾਣੀ। ਜੇ ਵਿੱਚ ਮੱਖੀ ਮੱਛਰ ਪਿਆ ਹੋਣਾ ਤਾਂ ਚਾਰੇ ਉਂਗਲਾਂ ਨਾਲ ਮੱਖੀਆਂ ਕੱਢ ਕੇ ਬਾਹਰ ਸੁੱਟ ਦੇਣੀਆਂ। ਖੇਤਾਂ ਵਿੱਚੋਂ ਲਿਆਂਦੇ ਟੀਂਡੇ, ਚਿੱਬੜ, ਕਚਰੇ, ਫੁੱਟਾਂ ਢੇਰੀ ਕਰ ਦੇਣੀਆਂ। ਮੇਰੀਆਂ ਮਾਸੀਆਂ ਨੇ ਟੀਂਡੇ ਹੱਥ ਨਾਲ ਭੰਨ ਕੇ ਚੁੱਲ੍ਹੇ ਤੇ ਪਿੱਤਲ ਜਾਂ ਭਰਥ ਦੇ ਪਤੀਲੇ ਵਿੱਚ ਸਲੂਣਾ ਬਣਾਉਣਾ। ਕਦੇ ਤਵੇ ਤੇ ਕਦੇ ਤੰਦੂਰ ਦੀਆਂ ਰੋਟੀਆਂ ਨਾਲ ਕੱਚੀ ਲੱਸੀ ਅੱਜ ਦੇ ਬਜ਼ਾਰ ਦੇ ਕੁਲਚਿਆਂ ਤੋਂ ਵੀ ਸਵਾਦ ਲੱਗਦੀਆਂ। ਰਾਤ ਨੂੰ ਲਾਈਨ ਵਿੱਚ ਲੱਗੇ ਮੰਜਿਆਂ ਤੇ ਲੱਤਾਂ ਲਮਕਾ ਕੇ ਆਮ੍ਹਣੇ ਸਾਮ੍ਹਣੇ ਬਹਿ ਕਹਾਣੀਆਂ ਸੁਣਾਉਣੀਆਂ, ਬਾਤਾਂ ਪਾਓਣੀਆਂ। ਤਾਰੇ ਗਿਣਨੇ, ਹਵਾ ਨਾ ਚੱਲਣੀ ਤਾਂ ਪੁਰੇ ਗਿਣਨੇ। ਪੁਰੇ ਗਿਣਦਿਆਂ ਲੱਗਣਾ ਸੱਚੀਂ ਹਵਾ ਦਾ ਬੁੱਲਾ ਆ ਗਿਆ। ਨੀਂਦ ਕਿਹੜੇ ਵੇਲੇ ਆ ਜਾਣੀ ਪਤਾ ਹੀ ਨਾ ਲੱਗਣਾ। ਤੜਕੇ ਮੱਖੀਆਂ ਨੇ ਭੀਂ ਭੀਂ ਕਰਣੀ। ਚਾਦਰ ਲਪੇਟ ਕੇ ਗੁੱਛਾ ਮੁੱਛਾ ਹੋ ਕੇ ਪਏ ਰਹਿਣਾ। ਸਭ ਤੋਂ ਪਹਿਲਾਂ ਚਾਚੇ (ਮੇਰੇ ਬੀਜੀ ਦਾ ਚਾਚਾ) ਨੇ ਉੱਠਣਾ ਤੇ ਸਾਰਿਆਂ ਦੇ ਮੰਜਿਆਂ ਦੇ ਦੁਆਲੇ ਦੁਆਲੇ ਤੁਰਦੇ ਤੁਰਦੇ ਸੋਟੀ ਖੜਕਾਉਂਦੇ ਬੋਲੀ ਜਾਣਾ, "ਵੇਦ ਕੁਰੇ (ਮੇਰੀ ਨਾਨੀ) ਰਾਮ ਰਾਮ ਰਾਮ, ਪੁੱਤ ਦੀਛਿਆ ਰਾਮ ਰਾਮ ਰਾਮ (ਜਗਦੀਸ਼ ਮਾਮਾ ਜੀ), ਪੁੱਤ ਸ਼ੀਲਿਆ ਰਾਮ ਰਾਮ ਰਾਮ (ਸ਼ੀਲੋ ਮਾਸੀ), ਪੁੱਤ ਕਿਸ਼ਨਾ (ਮੇਰੀ ਮਾਸੀ) ਰਾਮ ਰਾਮ ਰਾਮ", ਨਾਲ ਨਾਲ ਸੋਟੀ ਨਾਲ ਸਭ ਦੀ ਉੱਤੇ ਲਈ ਚਾਦਰ ਲਾਹੀ ਜਾਣੀ। ਇਹ ਉਹਦੇ ਉਠਾਉਣ ਦਾ ਤਰੀਕਾ ਸੀ। ਫਿਰ ਡੰਗਰ ਚਾਰਣ ਚਲੇ ਜਾਣਾ।
ਮੇਰੇ ਨਾਨਾ ਜੀ, ਜਿਨ੍ਹਾਂ ਨੂੰ ਅਸੀਂ ਸਾਰੇ ਭਾਊ ਕਹਿੰਦੇ ਸਾਂ, ਦੀ ਹੱਟੀ ਸੀ ਜਿੱਥੋਂ ਸਾਰਾ ਰੋਜ ਵਰਤੋਂ ਵਾਲਾ ਸਮਾਨ ਮਿਲਦਾ ਸੀ। ਭਾਊ ਗੱਦੀ ਉੱਤੇ ਬੈਠਦਾ ਸੀ ਤੇ ਖੱਬੇ ਪਾਸੇ ਵੱਡਾ ਸਾਰਾ ਗੱਲਾ ਤੇ ਪਿੱਛੇ ਬਹੁਤ ਸੋਹਣਾ ਦਰਾਜਾਂ ਵਾਲਾ ਸੰਦੂਕ ਹੁੰਦਾ। ਦਰਾਜਾਂ ਨੂੰ ਪਿੱਤਲ ਦੇ ਗੋਲ ਕੁੰਡੇ ਲੱਗੇ ਹੁੰਦੇ ਅਤੇ ਉਹਨਾਂ ਵਿੱਚ ਮਿੱਠੀਆਂ ਫੁੱਲੀਆਂ, ਛੋਟੇ ਪਤਾਸੇ, ਮਿੱਠੀ ਬੂੰਦੀ, ਟਾਂਗਰ, ਗੋਲੀਆਂ ਤੇ ਹੋਰ ਬੜਾ ਨਿੱਕ ਸੁੱਕ ਹੁੰਦਾ ਸੀ। ਲੌਢੇ ਵੇਲੇ ਨਿਆਣੇ ਝੱਗੇ ਦੀ ਝੋਲੀ ਵਿੱਚ ਦਾਣੇ, ਕਪਾਹ, ਕਣਕ ਲੈ ਕੇ ਬਦਲੇ ਵਿੱਚ ਚਾਹ ਪੱਤੀ ਤੇ ਖੰਡ ਲੈ ਜਾਂਦੇ। ਜਾਂਦੀ ਵਾਰੀ ਝੂੰਗਾ ਲੈਣਾ ਨਾ ਭੁੱਲਦੇ।
ਮੇਰੀਆਂ ਮਾਸੀਆਂ ਚਰਖਾ ਕੱਤਦੀਆਂ, ਮੰਜਾ ਖੜਾ ਕਰਕੇ ਨਾਲੇ ਉਣਦੀਆਂ, ਦਰੀਆਂ ਉਣਦੀਆਂ। ਚੌਂਕਾ, ਚੁੱਲ੍ਹਾ ਮਿੱਟੀ ਨਾਲ ਲਿੰਬਣਾ। ਕੰਧਾਂ ਲਿੰਬ ਕੇ ਉੱਤੇ ਕਲੀ ਨਾਲ ਫੁੱਲ ਬੂਟੇ ਪਾਓਣੇ। ਪੂਰੀ ਕਾਰੀਗਰੀ ਕਰਣੀ। ਹੁਣ ਨਾ ਉਹ ਕੰਧਾਂ ਕੋਠੇ, ਨਾ ਉਹ ਹੁਨਰ।
ਹੁਣ ਛੁੱਟੀਆਂ ਕਾਹਦੀਆਂ, ਏ ਸੀ ਬਾਹਰ ਨਹੀਂ ਨਿਕਲਣ ਦਿੰਦੇ, ਮੋਬਾਈਲ ਕਿਸੇ ਵੱਲ ਧਿਆਨ ਨਹੀਂ ਕਰਨ ਦਿੰਦਾ। ਨਾ ਕਿਧਰੇ ਜਾਣ ਦਾ ਚਾਅ ਨਾ ਕਿਸੇ ਦੇ ਆਉਣ ਦੀ ਰੀਝ। ਅੰਦਰੋਂ ਅੰਦਰ ਛੁੱਟੀਆਂ ਖਤਮ।