ਵਾਹਵਾ ਪੁਰਾਣੀ ਗੱਲ ਆ ਘਰ ਵਿੱਚ ਪਤਾ ਨਹੀਂ ਕਿਹੜੇ ਮੈਂਬਰ ਨੂੰ ਬੁਖਾਰ ਸੀ। ਮੈਂ ਟੈਂਪਰੇਚਰ ਚੈੱਕ ਕਰਨ ਲਈ ਥਰਮਾਮੀਟਰ ਧੋ ਕੇ ਹੌਲੀ ਹੌਲੀ ਝਾੜ ਰਹੀ ਸੀ ਕਿ ਪਰਿੰਜਾ ਸਾਹਿਬ ਨੇ ਮੇਰੇ ਹੱਥੋਂ ਥਰਮਾਮੀਟਰ ਫੜ ਕੇ ਕਿਹਾ, "ਇੰਜ ਥੋੜਾ ਪਾਰਾ ਲੱਥਦਾ।" ਤੇ ਨਾਲ ਹੀ ਥਰਮਾਮੀਟਰ ਜ਼ੋਰ ਦੀ ਝਟਕਿਆ। ਥਰਮਾਮੀਟਰ ਝਟਕਣ ਦੀ ਦੇਰ ਸੀ ਕਿ ਥਰਮਾਮੀਟਰ ਟੁੱਟ ਗਿਆ ਤੇ ਪਾਰਾ ਵਿਹੜੇ ਵਿੱਚ ਖਿੱਲਰ ਗਿਆ। ਦਰਅਸਲ ਉਹਨਾਂ ਦੀ ਜੇਬ ਵਿੱਚ ਚਾਬੀਆਂ ਦਾ ਗੁੱਛਾ ਸੀ, ਉਹਦੇ ਨਾਲ ਵੱਜ ਕੇ ਥਰਮਾਮੀਟਰ ਟੁੱਟ ਗਿਆ। 😀
ਚਲੋ ਨਵਾਂ ਥਰਮਾਮੀਟਰ ਲਿਆ ਕੇ ਕੰਮ ਸਾਰ ਲਿਆ।
ਇੱਕ ਦਿਨ ਛੁੱਟੀ ਸੀ। ਬੱਚਿਆਂ ਨੇ ਗੋਭੀ ਵਾਲੀਆਂ ਪਰੌਂਠੀਆਂ ਖਾਣ ਦੀ ਇੱਛਾ ਜਾਹਰ ਕੀਤੀ। ਗੋਭੀ ਦਾ ਪੂਰਾ ਫੁੱਲ ਗਰਮ ਪਾਣੀ ਨਾਲ ਧੋ ਕੇ ਰੱਖਿਆ ਸੀ, ਪਰ ਸੁੱਕਣ ਨੂੰ ਟਾਈਮ ਲੱਗਣਾ ਸੀ। ਬੱਚੇ ਕਾਹਲੇ ਪੈ ਗਏ। ਮੈਂ ਫੁੱਲ ਫੜ ਕੇ ਥਰਮਾਮੀਟਰ ਵਾਂਗ ਹੀ ਝਾੜ ਰਹੀ ਸੀ, ਫਿਰ ਮੇਰੇ ਹੱਥੋਂ ਫੁੱਲ ਫੜ ਕੇ ਉਹੀ ਡਾਇਲੌਗ ਬੋਲੇ, "ਇੰਜ ਥੋੜਾ। ਫੜਾ ਇੱਧਰ।" ਫੁੱਲ ਫੜ ਕੇ ਉਹਦੇ ਪਿਛਲੇ ਟੰਡਲ ਤੋਂ ਫੜ ਕੇ ਜੋਰ ਦੀ ਝਟਕਿਆ ਤਾਂ ਟੰਡਲ ਹੱਥ ਵਿੱਚ ਰਹਿ ਗਿਆ ਤੇ ਗੋਭੀ ਦਾ ਫੁੱਲ ਟੁੱਟ ਕੇ ਸਾਹਮਣੇ ਬਾਥਰੂਮ ਵਿੱਚ ਡਿੱਗ ਪਿਆ। ਚਲੋ ਚਾਹ ਅਚਾਰ ਨਾਲ ਪਰੌਂਠੀਆਂ ਖਾ ਕੇ ਗੁਜਾਰਾ ਕੀਤਾ। 😀
ਹੁਣ ਵੀ ਜਦੋਂ ਕਿਤੇ ਥਰਮਾਮੀਟਰ ਫੜ੍ਹਣ ਤਾਂ ਕੋਈ ਨਾ ਕੋਈ ਝੱਟ ਕਹਿ ਦਿੰਦਾ ਕਿ ਜੇਬ ਵਿੱਚੋਂ ਚਾਬੀਆਂ ਕੱਢ ਲਓ। 😀