ਬੀਜੀ ਦੀ ਮਦਦ ਕਰਦਿਆਂ ਕਰਦਿਆਂ ਕਈ ਵਾਰ ਨੁਕਸਾਨ ਵੀ ਕਰ ਦੇਈਦਾ ਸੀ ਪਰ ਕਦੇ ਝਿੜਕ ਨਹੀਂ ਪਈ। ਕਾਫੀ ਪੁਰਾਣੀ ਗੱਲ ਹੈ। ਮੇਰੀ ਉਮਰ ਉਦੋਂ ਕੋਈ 12-13 ਸਾਲ ਦੀ ਹੋਵੇਗੀ। ਮੈਂ ਤੇ ਮੇਰੇ ਬੀਜੀ ਘਰ ਵਿੱਚ ਇੱਕਲੇ ਸੀ। ਸਾਡਾ ਵਿਹੜਾ ਕੱਚਾ ਹੁੰਦਾ ਸੀ। ਮੇਰੇ ਬੀਜੀ ਦੱਬ ਦੀ ਬੌਕਰ ਫੇਰ ਰਹੇ ਸੀ ਤੇ ਮੈਂ ਪਿੱਛੇ ਪਿੱਛੇ ਗੋਹਾ ਫੇਰ ਰਹੀ ਸੀ। ਮੇਰੇ ਬੀਜੀ ਬੌਕਰ ਫੇਰ ਕੇ ਨਲਕੇ ਤੋਂ ਹੱਥ ਧੋਂਦੇ ਧੋਂਦੇ ਕਹਿੰਦੇ, "ਪੀਪੇ ਵਿੱਚ ਲੋਹਾ ਬੜਾ ਕੱਠਾ ਹੋਇਆ, ਕਬਾੜੀਆ ਆਜੇ ਤੇ ਉਹਨੂੰ ਦੇ ਕੇ ਆ ਵੀ ਖਲਾਰਾ ਮੁਕਾਈਏ।"
ਬੀਜੀ ਬਜਾਰੋਂ ਸਬਜੀ ਲੈਣ ਚਲੇ ਗਏ। ਮੈਨੂੰ ਗਲੀ ਵਿਚੋਂ ਕਬਾੜੀਏ ਦੀ ਆਵਾਜ਼ ਆਈ। ਮੈਂ ਭੱਜ ਕੇ ਗਈ ਤੇ ਉਹਨੂੰ ਸੱਦ ਕੇ ਪੀਪੇ ਵਾਲਾ ਸਮਾਨ ਲਜਾਣ ਲਈ ਕਿਹਾ। ਉਹਨੇ ਸਾਰਾ ਸਮਾਨ ਬੋਰੀ ਵਿੱਚ ਪਾਇਆ ਤੇ ਪੰਜ ਰੁਪਏ ਦਾ ਨਵਾਂ ਨੋਟ ਮੈਨੂੰ ਦੇ ਕੇ ਕਾਹਲੀ ਨਾਲ ਚਲਾ ਗਿਆ। ਮੈਂ ਬੜੀ ਖੁਸ਼ ਕਿ ਬੀਜੀ ਨੇ ਅੱਜ ਹੀ ਕਿਹਾ ਤੇ ਅੱਜ ਹੀ ਕੰਮ ਹੋ ਗਿਆ। ਹੱਥ ਵਿੱਚ ਪੰਜ ਰੁਪਏ ਦਾ ਕਰਾਰਾ ਨੋਟ ਫੜੀ ਮੈਂ ਘਰ ਦੇ ਬਾਹਰ ਖਲੋ ਕੇ ਬੀਜੀ ਦੀ ਉਡੀਕ ਕਰਨ ਲੱਗੀ। ਦੂਰੋਂ ਆਉਂਦੇ ਬੀਜੀ ਦਿੱਸੇ। ਮੈਂ ਅੱਗਲਵਾਂਡੀ ਭੱਜ ਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਹ ਵੀ ਖੁਸ਼ ਹੋਏ। ਸਬਜੀ ਚੌਂਕੇ ਵਿੱਚ ਰੱਖ ਕੇ ਜਦੋਂ ਉਹ ਪਿੱਛੇ ਮੁੜੇ ਉਹਨਾਂ ਦੀ ਨਿਗਾਹ ਜਾਮਨੂੰ ਦੇ ਦਰੱਖਤ ਪਿੱਛੇ ਪਏ ਹੋਏ ਪੀਪੇ ਤੇ ਪਈ। ਉਹ ਲੰਮੀ ਲਾਂਘ ਪੁੱਟਕੇ ਨਲਕੇ ਵੱਲ ਹੁੰਦੇ ਹੋਏ ਮੈਨੂੰ ਪੁਛੱਦੇ, "ਕਿਹੜਾ ਲੋਹਾ ਦਿੱਤਾ?" ਮੈਂ ਕਿਹਾ, "ਪੀਪੇ ਵਾਲਾ ਜਿਹੜਾ ਨਲਕੇ ਕੋਲ ਪਿਆ ਸੀ।" ਉਹਨਾਂ ਮੱਥੇ ਤੇ ਹੱਥ ਮਾਰਿਆ ਤੇ ਮੰਜੇ ਤੇ ਬਹਿੰਦੇ ਹੋਏ ਕਹਿੰਦੇ, "ਉਹਨੇ ਨਖੱਤੇ ਨੇ ਹੁਣੇ ਹੀ ਔਣਾ ਸੀ।"
ਦਰਅਸਲ ਜਿਹੜੇ ਪੀਪੇ ਵਾਲਾ ਲੋਹਾ ਮੈਂ ਵੇਚਿਆ ਸੀ, ਉਸ ਵਿੱਚ ਹਥੌੜਾ, ਛੈਣੀ, ਜਮੂਰ, ਰੰਬੇ, ਖੁਰਪੀ, ਸੰਨ੍ਹੀ, ਕਾਂਡੀ, ਗੈਂਤੀ, ਚਾਬੀਆਂ, ਜਿੰਦਰੇ, ਸਾਈਕਲ ਦੇ ਚੈਣ ਅਤੇ ਦਰਵਾਜਿਆਂ ਦੇ ਕੁੰਡੇ ਸੀ।🤔 ਇਹਨਾਂ ਨੁਕਸਾਨ ਹੋਣ ਦੇ ਬਾਵਜੂਦ ਉਹਨਾਂ ਮੈਨੂੰ ਇੱਕ ਵਾਰੀ ਵੀ ਝਿੜਕ ਨਹੀਂ ਮਾਰੀ।🙏
ਦੀਵਾਲੀ ਤੋਂ ਇੱਕ ਰਾਤ ਪਹਿਲਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਲਵਾਈਆਂ ਦੀਆਂ ਸੱਜੀਆਂ ਹੱਟੀਆਂ ਵੇਖਣ ਜਾਣੀਆਂ। ਸਟੇਸ਼ਨ ਦੇ ਸਾਹਮਣੇ ਪ੍ਰਕਾਸ਼ ਹਲਵਾਈ ਦੀ ਹੱਟੀ ਸੀ ਪਰ ਦੀਵਾਲੀ ਨੂੰ ਨਾ ਤਾਂ ਉਹ ਕੋਈ ਵੱਖਰੀ ਸਜਾਵਟ ਕਰਦਾ ਸੀ ਤੇ ਨਾ ਹੀ ਵੱਖਰੀ ਮਠਿਆਈ ਬਣਾਉਂਦਾ ਸੀ। ਉਸ ਤੋਂ ਬਾਅਦ ਅਸੀਂ ਨੰਜੋ ਹਲਵਾਈ ਦੀ ਹੱਟੀ ਤੇ ਜਾਣਾ ਉਸ ਨੇ ਥਾਲਾਂ ਵਿੱਚ ਵੰਨ ਸੁਵੰਨੀਆਂ ਮਠਿਆਈਆਂ ਪਾ ਕੇ ਢਲਾਣ ਦਾਰ ਲਾਈਨ ਛੱਤ ਤੱਕ ਲਾਈ ਹੁੰਦੀ ਸੀ। ਉਹਦੇ ਨਾਲ ਹੀ ਸ਼ਾਂਤੀ ਹਲਵਾਈ ਦੀ ਹੱਟੀ ਸੀ। ਉਹ ਸਿਰਫ ਦੇਸੀ ਘਿਓ ਦੀ ਹੀ ਮਠਿਆਈ ਬਣਾਉਂਦਾ ਸੀ। ਇਸ ਕਰਕੇ ਬਹੁਤੀ ਜ਼ਿਆਦਾ ਮਠਿਆਈ ਨਹੀਂ ਸੀ ਹੁੰਦੀ। ਉਸ ਤੋਂ ਬਾਅਦ ਅਸੀਂ ਥਾਣੇ ਲਾਗੇ ਕਿਸ਼ਨ ਹਲਵਾਈ ਦੀ ਹੱਟੀ ਤੇ ਜਾਣਾ ਉਹ ਵੀ ਬਹੁਤ ਸੱਜੀ ਹੁੰਦੀ ਸੀ। ਟਹਿਲਦੇ, ਨੱਚਦੇ, ਟੱਪਦੇ ਘਰ ਆ ਕੇ ਪੂਰੀ ਰੀਪੋਰਟ ਦੇਣੀ। ਅਗਲੇ ਦਿਨ ਫਿਰ ਅਸੀਂ ਉਸੇ ਤਰ੍ਹਾਂ ਫਿਰ ਵੇਖਣ ਜਾਣਾ ਕਿ ਕੀਹਦੀ ਮਠਿਆਈ ਕਿੰਨ੍ਹੀ ਵਿਕੀ, ਕਿੰਨੀ ਰਹਿ ਗਈ। ਨੰਜੋ ਹਲਵਾਈ ਦੇ ਤੇ ਕਿਸ਼ਨ ਹਲਵਾਈ ਦੇ ਸਾਰੇ ਥਾਲ ਖਾਲੀ ਹੋਣੇ। ਦੇਸੀ ਘਿਓ ਦੀ ਮਠਿਆਈ ਮਹਿੰਗੀ ਹੋਣ ਕਰਕੇ ਸ਼ਾਂਤੀ ਹਲਵਾਈ ਦੀ ਥੋੜੀ ਹੀ ਵਿਕਦੀ ਸੀ। ਅਸੀਂ ਘਰ ਆ ਕੇ ਕਹਿਣਾ ....... ਹਲਵਾਈ ਦਾ ਕੱਖ ਨਹੀਂ ਰਿਹਾ। ਬੀਜੀ ਨੇ ਗੁੱਸੇ ਹੋਣਾ ਕਿ ਕਿਸੇ ਨੂੰ ਇੰਜ ਨਹੀਂ ਬੋਲੀਦਾ। ਉਹਦਾ ਮਤਲਬ ਹੁਣ ਸਮਝ ਆਇਆ।
ਰਾਤ ਨੂੰ ਬੜੇ ਪਟਾਕੇ ਚੱਲਣੇ। ਕਿਸੇ ਭੈਣ ਭਰਾ ਨੇ ਪਟਾਕੇ ਲੈਣ ਦੀ ਜਿੱਦ ਨਾ ਕਰਣੀ। ਸਵੇਰੇ ਛੇਤੀ ਉੱਠ ਕੇ ਅਣਚੱਲੇ ਪਟਾਕੇ ਲੱਭਣ ਜਾਣਾ। ਉਹਨਾਂ ਦਾ ਮਸਾਲਾ ਕੱਢ ਕੱਢ ਕੇ ਗੱਤੇ ਉੱਤੇ ਇਕੱਠਾ ਕਰਕੇ ਤੀਲੀ ਨਾਲ ਅੱਗ ਲਾਉਣੀ, ਰੰਗ ਬਿਰੰਗੇ ਚੰਗਿਆੜੇ ਨਿਕਲਦੇ ਵੇਖ ਤਾੜੀਆਂ ਮਾਰ ਮਾਰ ਕੇ ਬੜਾ ਖੁਸ਼ ਹੋਣਾ। ਸਾਹਮਣੇ ਖੁੱਲ੍ਹੇ ਹਾਤੇ ਵਿੱਚ ਲਸੂੜੀਆਂ ਚੁੱਗ ਕੇ ਖਾਣੀਆਂ। ਕਪਾਹ ਦੇ ਢੇਰਾਂ ਤੇ ਛਾਲਾਂ ਮਾਰਨੀਆਂ। ਗਊਸ਼ਾਲਾ ਦੀਆਂ ਬੇਰੀਆਂ ਤੇ ਵੱਟੇ ਮਾਰ ਕੇ ਬੇਰ ਤੋੜਣੇ। ਕਿਹੜੀ ਬੇਰੀ ਦੇ ਬੇਰ ਗਲ਼ ਘੋਟੂ, ਕਿਹੜੀ ਦੇ ਕਾਠੇ, ਕਿਹੜੀ ਦੇ ਸੇਊ ਸਭ ਪਤਾ ਹੁੰਦਾ ਸੀ। ਘਰ ਆ ਕੇ ਫਿਰ ਸਾਰੀ ਰੀਪੋਰਟ ਦੇਣੀ। ਕਿੱਥੇ ਕਿੱਥੇ ਗਏ, ਕੌਣ ਕੌਣ ਗਏ।
ਬਾਕੀ ਫੇਰ....