ਘਰ ਦੇ ਜਿਹੜੇ ਕੰਮ ਸਾਡੇ ਬੀਜੀ ਕਰਦੇ ਸੀ ਅਸੀਂ ਸਾਰੇ ਭੈਣ ਭਰਾਵਾਂ ਨੇ ਵੀ ਉਹਨਾਂ ਨਾਲ ਮਦਦ ਕਰਣੀ ਸ਼ੁਰੂ ਕਰ ਦਿੱਤੀ। ਛੁੱਟੀ ਵਾਲੇ ਦਿਨ ਅਸੀਂ ਰਾਤ ਦੇ ਬਚੇ ਫੁਲਕੇ ਗਰਮ ਕਰਕੇ ਉੱਤੇ ਲੂਣ ਧੂੜ ਕੇ ਚਾਹ ਦੇ ਗਿਲਾਸ ਵਿੱਚ ਬੁਰਕੀਆਂ ਪਾ ਕੇ ਬੜੇ ਸਵਾਦ ਨਾਲ ਖਾਣੇ। ਉਸ ਤੋਂ ਬਾਅਦ ਬੀਜੀ ਨੇ ਆਟਾ ਕੱਪੜ ਛਾਣ ਕਰਕੇ ਲੇਵੀ ਬਣਾ ਕੇ ਦੇਣੀ ਤੇ ਨਾਲ ਹੀ ਬਜਾਰੋਂ ਲਿਆਂਦੀ ਰੱਦੀ ਦੇਣੀ। ਉਹਦੇ ਵਿੱਚੋਂ ਪਲੇਨ ਕਾਗਜ ਕੱਢ ਕੇ ਅਸੀਂ ਪਾਸੇ ਰੱਖ ਲੈਣੇ ਤੇ ਬਾਕੀ ਦੇ ਲਿਫਾਫੇ ਬਣਾ ਕੇ ਵਿਹੜੇ ਵਿੱਚ ਸੁੱਟੀ ਜਾਣੇ। ਪਲੇਨ ਕਾਗਜ਼ਾਂ ਨੂੰ ਕੰਧੂਈ ਨਾਲ ਸੀ ਕੇ ਕੱਚੇ ਕੰਮ ਲਈ ਕਾਪੀਆਂ ਬਣਾ ਲੈਣੀਆਂ। ਘਰ ਵਿੱਚ ਜਿੰਨੀ ਮਰਜ਼ੀ ਤੰਗੀ ਤੁਰਸ਼ੀ ਸੀ ਅਸੀਂ ਕਦੇ ਉਦਾਸ ਨਹੀਂ ਸੀ ਹੋਏ। ਹਾਸਾ ਮਜ਼ਾਕ ਕਰਦੇ ਕਰਦੇ ਕੰਮ ਕਰੀ ਜਾਣਾ। ਬੀਜੀ ਕੋਲੋਂ ਬਹੁਤ ਕੁਝ ਸਿੱਖਿਆ। ਲਿਖਦੇ ਲਿਖਦੇ ਅੱਜ ਬਚਪਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਯਾਦ ਆ ਗਈਆਂ।
ਆਟਾ ਛਾਨਣ ਵੇਲੇ ਸਿਰ ਢੱਕਣਾ। ਰਹਿਰਾਸ ਵੇਲੇ ਵਾਲ ਨਾ ਖਲਾਰਣੇ। ਰਹਿਰਾਸ ਵੇਲੇ ਦਹਿਲੀਜ਼ ਵਿੱਚ ਨਾ ਬੈਠਣਾ। ਰਾਤ ਨੂੰ ਮੰਜੇ ਦੀ ਪੈਂਦ ਨਾਂ ਕੱਸਣੀ। ਮੰਜੇ ਤੇ ਬਹਿ ਕੇ ਪੈਰ ਨਾ ਹਲਾਉਣੇ। ਸ਼ਾਮ ਨੂੰ ਸਿਰ ਢੱਕ ਕੇ ਬਲਬ ਜਗਾ ਕੇ ਹੱਥ ਜੋੜਣੇ। ਕੋਈ ਲੰਮੇ ਪਿਆ ਹੋਣਾ ਤਾਂ ਉਹਦੇ ਉੱਤੋਂ ਦੀ ਟੱਪ ਕੇ ਨਾ ਜਾਣਾ। ਕੰਮ ਜਾਣ ਲੱਗਿਆ ਕਿਸੇ ਨੂੰ ਪਿੱਛੋਂ ਅਵਾਜ ਨਾ ਮਾਰਣੀ। ਨਵਾਂ ਕਪੜਾ ਪਾਉਣ ਤੋਂ ਪਹਿਲਾਂ ਨਲਕੇ ਨੂੰ ਅਤੇ ਛੋਟੀਆਂ ਕੁੜੀਆਂ ਦੇ ਪੈਰਾਂ ਨੂੰ ਲਾਉਣਾ। ਨਵਾਂ ਕਪੜਾ ਚੜਦੇ ਵੱਲ ਮੂੰਹ ਕਰਕੇ ਪਾਉਣਾ। ਨਵਾਂ ਭਾਂਡਾ ਲਿਆਉਣਾ ਤਾਂ ਉਹਦੇ ਵਿੱਚ ਪਹਿਲਾਂ ਕੁਝ ਮਿੱਠਾ ਬਣਾਉਣਾ। ਕਿਸੇ ਨੂੰ ਜੇ ਤਿੰਨ ਰੋਟੀਆਂ ਦੇਣੀਆਂ ਤਾਂ ਥੋੜਾ ਜਿਹਾ ਕੰਡਾ ਲਾਹ ਕੇ ਦੇਣੀਆਂ। ਦੁੱਧ ਚੋ ਕੇ ਮੱਝ ਦੇ ਪਿੰਡੇ ਤੇ ਥਾਪੀ ਦੇਣੀ। ਪਾਣੀ ਡਾਹੁਣ ਲੱਗਿਆ ਸ਼ਿਓ ਸ਼ਿਓ ਕਰਣਾ। ਆਟਾ ਗੁੰਨ੍ਹ ਕੇ ਤੌਣ ਬਣਾ ਕੇ ਦੁਬਾਰਾ ਨਾ ਢਾਹੁਣੀ ਅਤੇ ਹੋਰ ਵੀ ਬੜਾ ਕੁਝ।
ਸਾਡੇ ਤਾਇਆ ਜੀ ਬਹੁਤ ਸਖ਼ਤ ਸੁਭਾਅ ਦੇ ਸਨ। ਉਹ ਕੁੜੀਆਂ ਨੂੰ ਪੜ੍ਹਾਉਣ ਦੇ ਹੱਕ ਵਿੱਚ ਨਹੀਂ ਸੀ। ਇਸੇ ਕਰਕੇ ਮੇਰੇ ਵੱਡੇ ਭੈਣ ਜੀ ਨੂੰ ਅਠਵੀਂ ਵਿੱਚੋਂ ਹਟਾ ਲਿਆ। ਉਨ੍ਹਾਂ ਤੋਂ ਛੋਟੇ ਭੈਣ ਜੀ ਨੇ ਤਾਇਆ ਜੀ ਤੋਂ ਚੋਰੀ ਤਰਨ ਤਾਰਨ ਜੇ ਬੀ ਟੀ ਵਿਚ ਦਾਖਲਾ ਲੈ ਲਿਆ। ਜੇ ਬੀ ਟੀ ਤੋਂ ਬਾਅਦ ਉਹਨਾਂ ਨੂੰ ਨੈਸ਼ਨਲ ਮਾਡਲ ਸਕੂਲ ਪੱਟੀ ਵਿੱਚ 50/-ਰੁਪਏ ਮਹੀਨਾ ਤੇ ਨੌਕਰੀ ਮਿਲ ਗਈ। 1973 ਵਿੱਚ ਉਹਨਾਂ ਨੂੰ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈ ਉਦੋਂ ਤੱਕ ਉਹਨਾਂ ਤੋਂ ਛੋਟੀ ਭੈਣ ਨੇ ਵੀ ਆਈ ਟੀ ਆਈ ਪੱਟੀ ਤੋਂ ਪੰਜਾਬੀ ਸਟੈਨੋਗਰਾਫੀ ਕਰ ਲਈ ਤੇ ਨੈਸ਼ਨਲ ਮਾਡਲ ਸਕੂਲ ਪੱਟੀ ਉਹਨਾਂ ਦੀ ਜਗ੍ਹਾ ਤੇ 40/-ਰੁਪਏ ਮਹੀਨਾ ਨੌਕਰੀ ਮਿਲ ਗਈ। ਸਕੂਲ ਤੋਂ ਬੱਚੇ ਟਿਊਸ਼ਨ ਪੜ੍ਹਣ ਆਉਣ ਲੱਗ ਪਏ। 5/-ਰੁਪਏ ਮਹੀਨਾ, ਜੇ ਦੋ ਭੈਣ ਭਰਾ ਤਾਂ ਸੱਤ ਰੁਪਏ। ਬੀਜੀ ਨੇ ਰੋਟੀ ਸਬਜੀ ਤਿਆਰ ਰੱਖਣੀ। ਜੀਹਦੇ ਬੱਚੇ ਜਾਈ ਜਾਣੇ ਚੌਂਕੇ ਵਿੱਚ ਚੁੱਲੇ ਅੱਗੇ ਬਹਿ ਕੇ ਰੋਟੀ ਖਾਈ ਜਾਣੀ। ਰਾਤ ਨੂੰ ਰਜਾਈਆਂ ਵਿੱਚ ਬੈਠ ਕੇ ਸਵੈਟਰ ਉਨਣੇ। ਪ੍ਰੇਮ, ਇੰਦਰਜੀਤ, ਲਾਡੀ ਭਾਵੇਂ 13,12,8 ਸਾਲ ਦੇ ਸੀ ਪਰ ਸਾਡੇ ਨਾਲ ਉਹਨਾਂ ਵੀ ਹੱਥ ਬਹੁਤ ਵੰਡਾਇਆ। ਰਲ ਮਿਲ ਕੇ ਥੋੜ੍ਹਾ ਚੰਗਾ ਟਾਈਮ ਪਾਸ ਹੋਣ ਲੱਗਾ।
ਬਾਕੀ ਫੇਰ....