ਪ੍ਰੀਤ ਦੀ ਮਾਂ ਨੂੰ ਹਸਪਤਾਲ ਦਾਖਲ ਹੋਇਆਂ ਅੱਜ ਪੰਜਵਾਂ ਦਿਨ ਸੀ। ਹਾਲਤ ਵਿੱਚ ਕੋਈ ਸੁਧਾਰ ਨਾ ਹੁੰਦਾ ਵੇਖ ਡਾਕਟਰ ਨੇ ਜਵਾਬ ਦੇ ਦਿੱਤਾ ਸੀ। ਮਾਂ ਇਸ ਖਬਰ ਤੋਂ ਬੇਖਬਰ ਸੀ ਉਸਨੂੰ ਇਹ ਵੀ ਨਹੀਂ ਸੀ ਪਤਾ ਕਿ ਕੈਂਸਰ ਉਸਦੇ ਸਾਰੇ ਸ਼ਰੀਰ ਵਿੱਚ ਫੈਲ ਚੁੱਕਾ ਸੀ। ਉਸਨੂੰ ਜੇ ਕੁੱਝ ਪਤਾ ਸੀ ਤਾਂ ਸਿਰਫ਼ ਇਹ ਕਿ ਉਸ ਦਾ ਪੁੱਤਰ ਉਸ ਦੀ ਬਹੁਤ ਸੇਵਾ ਕਰ ਰਿਹਾ ਸੀ। ਹਰ ਆਇਆ ਗਿਆ ਪ੍ਰੀਤ ਦੀਆਂ ਸਿਫਤਾਂ ਕਰ ਰਿਹਾ ਸੀ ਕਿ ਰੱਬ ਔਲਾਦ ਦੇਵੇ ਤਾਂ ਪ੍ਰੀਤ ਵਰਗੀ। ਮੁੰਡੇ ਨੇ ਨਾ ਪੈਸੇ ਦੀ ਪਰਵਾਹ ਕੀਤੀ ਨਾ ਟੈਮ ਦੀ। ਨਿਆਣੇ ਵੱਖਰੇ ਰੁਲਣ ਡਹੇ ਨੇ।

ਮਾਂ ਅੱਧ ਬੇਹੋਸ਼ੀ ਵਿੱਚ ਹਸਪਤਾਲ ਦੇ ਬੈੱਡ ਤੇ ਪਈ ਸੀ। ਪ੍ਰੀਤ ਦੀ ਆਵਾਜ਼ ਸੁਣ ਉਹਨੇ ਜੋਰ ਲਾ ਕੇ ਅੱਖਾਂ ਖੋਲੀਆਂ। ਉਹ ਡਾਕਟਰ ਅੱਗੇ ਹੱਥ ਜੋੜ ਕੇ ਤਰਲੇ ਲੈ ਰਿਹਾ ਸੀ ਪਰ ਡਾਕਟਰ ਨਾਂਹ ਵਿੱਚ ਸਿਰ ਹਿਲਾਈ ਜਾ ਰਿਹਾ ਸੀ। ਉਹ 40 ਸਾਲ ਪਿੱਛੇ ਚਲੀ ਗਈ ਜਦੋਂ ਨਿੱਕੇ ਹੁੰਦੇ ਪ੍ਰੀਤ ਬੀਮਾਰ ਹੋਇਆ ਤਾਂ ਉਹ ਵੀ ਇਸੇ ਤਰ੍ਹਾਂ ਡਾਕਟਰ ਅੱਗੇ ਲਿਲਕੜੀਆਂ ਕੱਢ ਰਹੀ ਸੀ ਤੇ ਅੱਜ ਪ੍ਰੀਤ ਵੀ...। ਤਰਿੱਪ ਤਰਿੱਪ ਵੱਗਦੇ ਅੱਥਰੂਆਂ ਨਾਲ ਸਿਰਹਾਣਾ ਭਿੱਜ ਗਿਆ। ਉਹਦਾ ਦਿਲ ਕੀਤਾ ਪੁੱਤ ਨੂੰ ਘੁੱਟ ਕੇ ਛਾਤੀ ਨਾਲ ਲਾ ਲਵੇ ਪਰ ਟੂਟੀਆਂ ਨਾਲੀਆਂ ਨਾਲ ਉਹਦਾ ਸ਼ਰੀਰ ਬੱਝਿਆ ਹੋਇਆ ਸੀ।

ਉਹਦੀ ਸੋਚਾਂ ਦੀ ਲੜੀ ਪ੍ਰੀਤ ਦੀ ਆਵਾਜ਼ ਨੇ ਇੱਕ ਵਾਰ ਫਿਰ ਤੋੜੀ, "ਡਾਕਟਰ ਸਾਹਿਬ ਔਖੇ ਸੌਖੇ ਦੋ ਦਿਨ ਹੋਰ ਕਢਾ ਦਿਓ ਭਾਵੇਂ ਮਸ਼ੀਨ ਈ ਲਾ ਦਿਓ, ਅਸੀਂ ਦੋਵੇਂ ਜੀਅ ਪ੍ਰਾਈਵੇਟ ਮੁਲਾਜ਼ਮ ਹਾਂ, ਛੁੱਟੀ ਮਿਲਣੀ ਔਖੀ ਏ ਨਾਲੇ ਬੱਚਿਆਂ ਦੇ ਫਾਈਨਲ ਪੇਪਰ ਵੀ ਕੱਲ੍ਹ ਖਤਮ ਹੋਣੇ ਆ।"

ਮਾਂ ਦਾ ਸ਼ਰੀਰ ਪਥਰਾਅ ਗਿਆ ਉਹਨੂੰ ਆਪਣੀ ਵਿਦਾਈ ਨਾਲੋਂ ਪੁੱਤ ਦੀ ਬੇਬਸੀ ਦਾ ਜਿਆਦਾ ਦੁੱਖ ਲੱਗਾ।