ਰੋਜ ਦੀ ਕਲੇਹ ਤੋਂ ਡਰਦਿਆਂ ਤੇਜੇ ਨੇ ਪਿੰਡ ਵਾਲੀ ਪੈਲੀ ਵੇਚਣ ਦਾ ਮਨ ਬਣਾ ਲਿਆ ਸੀ। ਭਾਵੇਂ ਮਰਨ ਲੱਗਿਆਂ ਉਹਦਾ ਭਾਈਆ ਕਹਿ ਕੇ ਗਿਆ ਸੀ, "ਪੁੱਤ ਭਾਵੇਂ ਜਿੰਨੇ ਮਰਜੀ ਮਾੜੇ ਦਿਨ ਆਉਣ ਔਹ ਪਿੰਡ ਵਾਲੀ ਪੈਲੀ ਨਾ ਵੇਚੀ ਤੇਰੇ ਦਾਦੇ ਪੜਦਾਦੇ ਦੀ ਨਿਸ਼ਾਨੀ ਊ।"

ਮੁੰਡੇ ਦੀ ਜਿਦ ਅਗੇ ਹਾਰ ਮੰਨਣੀ ਪਈ। ਰਜਿਸਟਰੀ ਕਰਨ ਲਗਿਆਂ ਉਹਨੇ ਅਮਰ ਨੂੰ ਇੰਨਾ ਜਰੂਰ ਕਿਹਾ ਸੀ, "ਪੁੱਤ ਤੇਰੇ ਦਾਦੇ ਪੜਦਾਦੇ ਦੀ ਖੂਨ ਪਸੀਨੇ ਦੀ ਕਮਾਈ ਵੇਚਣ ਲਗੇ ਆਂ। ਹਸਪਤਾਲ ਲੱਖ ਵਾਰ ਬਣਾਈਂ ਪਰ ਉਹਦਾ ਨਾਂ ਆਪਣੇ ਦਾਦੇ ਤੇ ਪੜਦਾਦੇ ਦੇ ਨਾਂ ਤੇ ਰਖੀਂ।" ਅਮਰ ਨੇ ਵੀ ਖੁਸ਼ੀ ਖੁਸ਼ੀ ਹਾਮੀ ਭਰ ਦਿਤੀ ਸੀ।

ਤਿੰਨ ਸਾਲਾਂ ਵਿਚ ਹਸਪਤਾਲ ਬਣ ਕੇ ਤਿਆਰ ਹੋ ਗਿਆ। ਗਵਾਂਢੀਆਂ ਦੇ ਘਰ ਫੋਨ ਕਰਕੇ ਅਮਰ ਨੇ ਦਸਿਆ ਕਿ ਆਉਂਦੇ ਸੋਮਵਾਰ ਮਹੂਰਤ ਆ ਮੋਗੇ ਆਕੇ ਪਹਿਲੀ ਬਸੇ ਬਹਿ ਜਾਇਓ ਅਗੋਂ ਮੈਂ ਆਪੇ ਲਾਹ ਲੂਂਗਾ।

ਤੇਜੇ ਨੂੰ ਚਾਅ ਜਿਆ ਚੜ ਗਿਆ। ਕੁੜਤਾ ਪਜਾਮਾ ਧੋ ਕੇ ਸੁਕਣੇ ਪਾ ਦਿੱਤਾ। ਸੋਮਵਾਰ ਤੜਕੇ ਉੱਠ ਪਰਸੋਂ ਸੂਈ ਮੱਝ ਦੇ ਦੁੱਧ ਦੀ ਬੌਹਲੀ ਵੀ ਬਣਾ ਲਈ ਤੇ ਘਰ ਦਾ ਗੁੜ ਵੀ ਝੋਲੇ ਵਿਚ ਪਾ ਲਿਆ। ਬੱਸ ਚੰਡੀਗੜ ਅੱਡੇ ਤੇ ਰੁਕੀ ਅਮਰ ਨੂੰ ਉਹਨੇ ਦੂਰੋਂ ਹੀ ਵੇਖ ਲਿਆ ਸੀ। "ਆਹ ਕੀ ਲੈ ਆਏ ਓ? ਨਾਲੇ ਕਪੜੇ ਹੈਨੀ ਸੀ ਹੋਰ ਕੋਈ ਉਹੋ ਘਸਿਆ ਸੂਟ ਮੈਨੂੰ ਹੀ ਕਹਿ ਦਿੰਦੇ ਭੇਜ ਦਿੰਦਾ। ਆਹ ਪਰਨਾ ਵੀ ਝੋਲੇ ਵਿੱਚ ਪਾਲੋ।"

"ਘਸਿਆ ਤਾਂ ਪੁੱਤ ਗਰਮੀ ਕਰਕੇ ਪਾਇਆ ਏ, ਡੋਲ ਵਿਚ ਬੌਹਲੀ ਤੇ ਝੋਲੇ ਵਿਚ ਗੁੜ ਆ ਤੇ ਪਰਨਾ ਮੁੜ੍ਹਕਾ ਪੂੰਝਣ ਨੂੰ ਰੱਖਿਆ। ਤੈਨੂੰ ਤਾਂ ਪਤਾ ਜਦੋਂ ਦੀ ਤੇਰੀ ਮਾਂ ਦੇ ਸਿਰ ਵਿਚ ਇੱਟ ਵੱਜੀ ਆ ਉਹ ਬੌਂਦਲੀ ਬੌਂਦਲੀ ਰਹਿੰਦੀ ਆ ਤੇ ਮੇਰੇ ਕੋਲੋਂ ਜਿੰਨਾ ਕੁ ਹੁੰਦਾ ਕਰੀ ਜਾਨਾਂ।"

"ਚਲੋ ਅੱਛਾ ਤੁਸੀਂ ਇਥੇ ਬੈਠੋ ਮੈਂ ਆਪਣੇ ਅਫਸਰਾਂ ਨੂੰ ਹਸਪਤਾਲ ਵਖਾ ਲਿਆਵਾਂ।" ਹਸਪਤਾਲ ਦੇ ਸਾਹਮਣੇ ਬਣੇ ਪਾਰਕ ਵਿਚ ਲੱਗੇ ਬੈਂਚ ਤੇ ਬੈਠਾ ਉਹ ਕਿੰਨਾ ਚਿਰ ਵੱਡੇ ਸਾਰੇ ਬੋਰਡ ਨੂੰ ਪੜ੍ਹਣ ਦੀ ਕੋਸ਼ਿਸ਼ ਕਰਦਾ ਰਿਹਾ ਕਦੇ ਅੱਖਾਂ ਅਧਮੀਟੀਆਂ ਕਰ ਤੇ ਕਦੇ ਜੋਰ ਨਾਲ ਖੋਲ ਕੇ। ਬੈਂਚ ਤੋਂ ਉਠ ਉਹ ਬੋਰਡ ਦੇ ਨੇੜੇ ਹੋ ਗਿਆ। ਮੋਟੇ ਮੋਟੇ ਅਖਰਾਂ ਵਿਚ ਲਿਖਿਆ ਸੀ "ਸਿਮਰਨ ਦਿਮਾਗੀ ਰੋਗਾਂ ਦਾ ਹਸਪਤਾਲ।"

ਇਨੇ ਨੂੰ ਅਮਰ ਵੀ ਆਪਣੇ ਡਾਕਟਰਾਂ ਨਾਲ ਉੱਥੇ ਆ ਕੇ ਉਨ੍ਹਾਂ ਨੂੰ ਦੱਸਣ ਲੱਗਾ "ਸਰ ਆਹ ਫਲੈਕਸ ਵੇਖੋ ਸਿਮਰਨ ਦੇ ਪਾਪਾ ਯਾਨੀ ਮੇਰੇ ਸਹੁਰਾ ਸਾਹਿਬ ਦਿੱਲੀ ਤੋ ਲਿਆਏ ਨੇ ਆਪਣੀ ਪਸੰਦ ਦੀ ਬਣਵਾ ਕੇ।" ਸਾਰੇ ਡਾਕਟਰ ਵਾਹ ਵਾਹ ਕਰ ਰਹੇ ਸੀ ਤੇ ਤੇਜਾ ਡੋਲ ਤੇ ਝੋਲਾ ਲੈ ਰਿਕਸ਼ਾ ਲਭ ਰਿਹਾ ਸੀ।