ਕਾਫੀ ਪੁਰਾਣੀ ਗੱਲ ਹੈ, ਆਫਿਸ ਵਿੱਚ ਅਸੀਂ ਆਪਣੀ ਬ੍ਰਾਂਚ ਵਿੱਚ ਬੜੇ ਰੀਲੈਕਸ ਮੂਡ ਵਿੱਚ ਬੈਠੇ ਸੀ ਕਿਉਂ ਕਿ ਮਹਿਕਮੇ ਵਲੋਂ ਕੋਈ ਫਟਾਫਟ ਵਾਲਾ ਫਰਮਾਨ ਨਹੀਂ ਸੀ ਆਇਆ। ਉਦੋਂ ਤਰਨਤਾਰਨ ਜਿਲ੍ਹਾ ਵੀ ਨਹੀਂ ਸੀ ਬਣਿਆ। ਮਲਕੀਅਤ ਸਿੰਘ ਜੀ, ਜੋ ਕਿ ਮੇਰੇ ਪੇਕੇ ਪਿੰਡ ਪੱਟੀ ਦੇ ਹਨ, ਦੀ ਸੀਟ ਮੇਰੀ ਸੀਟ ਦੇ ਨਾਲ ਹੀ ਸੀ। ਪੱਟੀ ਹਲਕੇ ਤੋਂ ਆਉਣ ਵਾਲੇ ਅਧਿਆਪਕ ਸਾਡੇ ਦੋਹਾਂ ਦੇ ਸਾਂਝੇ ਜਾਣਕਾਰ ਹੁੰਦੇ ਸੀ।

ਤਿੰਨ ਕੁ ਵਜੇ ਇੱਕ ਹੈੱਡਮਾਸਟਰ, ਜੋ ਕਿ ਪਿੰਡ. . . . . . . . . ਤੋਂ ਸੀ, ਆਏ ਤੇ ਆਪਣਾ ਕੰਮ ਦੱਸਣ ਤੋਂ ਬਾਅਦ ਸਾਹਮਣੇ ਪਈ ਕੁਰਸੀ ਤੇ ਬੈਠ ਗਏ। ਪੰਜ ਕੁ ਮਿੰਟ ਉਹ ਚੁੱਪਚਾਪ ਬੈਠੇ ਰਹੇ। ਚੁੱਪ ਤੋੜਨ ਲਈ ਮੈਂ ਉਨ੍ਹਾਂ ਨੂੰ ਪੁੱਛਿਆ, ". . . . . . . . . ਸਿੰਘ ਜੀ, ਨਾਰਲੀ ਵਾਲੇ. . . . . . . . . . . ਸਿੰਘ ਤੁਹਾਡੇ ਰਿਸ਼ਤੇਦਾਰ ਨੇ?" ਉਨ੍ਹਾਂ ਝੱਟ ਜਵਾਬ ਦਿੱਤਾ, "ਭੈਣਾਂ ਹੈਗਾ ਤਾਂ ਮੇਰਾ ਰਿਸ਼ਤੇਦਾਰ ਆ, ਪਰ ਵੈਰ ਸਾਡਾ ਇੱਟ ਕੁੱਤੇ ਦਾ ਏ।" ਮਲਕੀਅਤ ਸਿੰਘ ਜੀ ਨੇ ਸਹਿ ਸੁਭਾਅ ਜਵਾਬ ਦਿੱਤਾ, "ਆਹੋ ਉਹਦੀਆਂ ਗੱਲ੍ਹਾਂ ਵੀ ਇੱਟ ਵਰਗੀਆਂ ਲਾਲ ਨੇ।" 😄

ਹੈੱਡਮਾਸਟਰ ਸਾਹਿਬ ਪਤਾ ਨਹੀਂ ਲੱਗਾ ਕਿਹੜੇ ਵੇਲੇ ਕਮਰਿਓਂ ਬਾਹਰ ਚਲੇ ਗਏ। ਉਨ੍ਹਾਂ ਦੇ ਜਾਣ ਦਾ ਕਾਰਨ ਸਾਨੂੰ ਥੋੜ੍ਹੀ ਦੇਰ ਬਾਅਦ ਸਮਝ ਆਇਆ। ਚਾਹੁੰਦੇ ਹੋਏ ਵੀ ਅਸੀਂ ਆਪਣਾ ਹਾਸਾ ਰੋਕ ਨਹੀਂ ਸੀ ਸਕੇ। 😃😃😃