ਉੱਚ ਅਧਿਕਾਰੀਆਂ ਵੱਲੋਂ ਤੁਰੰਤ ਮੰਗੀ ਸੂਚਨਾ ਬਣਾਉਣ ਲਈ ਸ਼ਾਖਾ ਦੇ ਤਿੰਨ ਕਰਮਚਾਰੀ ਮੇਰੇ ਕੋਲ ਬੈਠੇ ਸੂਚਨਾ ਤਿਆਰ ਕਰ ਰਹੇ ਸੀ। ਇਕ ਕਰਮਚਾਰੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਸਦੀ ਸੀਟ ਦਾ ਕੰਮ ਵੀ ਅਸੀਂ ਕਰ ਰਹੇ ਸੀ। ਉਹ ਆਪਣੀ ਸੀਟ ਤੇ ਮੇਜ ਤੇ ਸਿਰ ਰੱਖ ਕੇ ਬੈਠਾ ਸੀ। ਜੁਕਾਮ ਤੇ ਛਿੱਕਾਂ ਨਾਲ ਉਸ ਦਾ ਬੁਰਾ ਹਾਲ ਸੀ।
ਇੰਨੇ ਨੂੰ ਬਾਹਰੋਂ ਇਕ ਸ਼ਕਸ ਮੇਰੇ ਕੋਲ ਆਇਆ ਤੇ ਆਪਣਾ ਕੰਮ ਦੱਸਣ ਲੱਗੇ। ਬਿਜ਼ੀ ਹੋਣ ਕਰਕੇ ਮੈਂ ਉਨਾਂ ਨੂੰ ਪੰਜ ਮਿੰਟ ਰੁਕਣ ਲਈ ਕਿਹਾ। ਉਹਨਾਂ ਆਪਣੀ ਇੰਟਰੋਡਕਸ਼ਨ ਦਿੱਤੀ ਕਿ ਉਹ ਸਰਕਾਰੀ ਡਾਕਟਰ ਹੈ ਤੇ ਆਪਣੀ ਪਤਨੀ ਲਈ ਲੈਕਚਰਾਰ ਦੀ ਖਾਲੀ ਪੋਸਟ ਵੇਖਣੀ ਹੈ। ਮੈਂ ਸਾਹਮਣੇ ਬੈਠੇ ਕਰਮਚਾਰੀ ਵੱਲ ਇਸ਼ਾਰਾ ਕਰ ਕੇ ਕਿਹਾ, "ਉਹ ਸਾਹਮਣੇ ਡੀਲਿੰਗ ਹੈਂਡ ਬੈਠੇ ਉਨ੍ਹਾਂ ਕੋਲੋਂ ਪੁੱਛ ਲਓ, ਪਰ ਤੁਹਾਨੂੰ ਡਾਕਟਰ ਤਾਂ ਮੰਨਾਗੇ ਜੇ ਤੁਸੀਂ ਉਸ ਦੀ ਅਲਰਜੀ ਠੀਕ ਕਰੋਗੇ।" ਇਨ੍ਹਾਂ ਕਹਿ ਕੇ ਮੈਂ ਫਿਰ ਕੰਮ ਵਿੱਚ ਲੱਗ ਗਈ।
ਸ਼ਾਮ ਦੇ ਸਾਢੇ ਚਾਰ ਹੋ ਗਏ ਸੀ, ਸਾਰੇ ਬਹੁਤ ਖੁਸ਼ ਸੀ ਕਿ ਇੰਨੀ ਔਖੀ ਸੂਚਨਾ ਸਮੇਂ ਸਿਰ ਮਹਿਕਮੇ ਨੂੰ ਭੇਜ ਦਿੱਤੀ ਸੀ। ਉਹੀ ਕਰਮਚਾਰੀ ਮੇਰੇ ਕੋਲ ਆ ਕੇ ਹੌਲੀ ਜਿਹੇ ਕਹਿਣ ਲੱਗਾ, "ਮੈਡਮ ਜੀ ਤੁਸੀਂ ਅੱਜ ਮੇਰੇ ਨਾਲ ਚੰਗੀ ਨਹੀਂ ਕੀਤੀ। ਤੁਸੀਂ ਮੇਰੇ ਨਾਲ ਬੜਾ ਕੋਝਾ ਮਜਾਕ ਕੀਤਾ।" ਮੈਂ ਸਿਰ ਉਪਰ ਚੁੱਕਿਆ ਤੇ ਪੁਛਿਆ, ਕਿਉਂ ਕੀ ਹੋਇਆ? ਕਹਿਣ ਲੱਗਾ, "ਤੁਸੀਂ ਅੱਜ ਮੇਰੇ ਕੋਲ ਡਾਕਟਰ ਸਾਹਿਬ ਨੂੰ ਭੇਜਿਆ।" ਮੈਂ ਕਿਹਾ ਫਿਰ? ਹੱਸਦੇ ਹੱਸਦੇ ਉਹਦੇ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ, ਕਹਿੰਦਾ, "ਉਹ ਤਾਂ ਡੰਗਰਾਂ ਦਾ ਡਾਕਟਰ ਸੀ।" 😄 ਸਾਰੇ ਕਰਮਚਾਰੀ ਉੱਚੀ ਉੱਚੀ ਹੱਸ ਰਹੇ ਸੀ ਤੇ ਉਹ ਵੀ ਉਹਨਾਂ ਦਾ ਸਾਥ ਦੇ ਰਿਹਾ ਸੀ। 😀😀😀