ਸਰਦੀਆਂ ਦੇ ਦਿਨ ਸੀ। ਬੱਚਿਆਂ ਦੀ ਪੀ ਟੀ ਮੀਟ ਅਟੈਂਡ ਕਰਨ ਤੋਂ ਬਾਅਦ ਹੋਮਿਓਪੈਥੀ ਦੀ ਦਵਾਈ ਲੈਣ ਲਈ ਮੈਂ ਸਕੂਲ ਦੇ ਨਾਲ ਹੀ ਹਸਪਤਾਲ ਵਿੱਚ ਐਂਟਰ ਕੀਤਾ। ਸ਼ਨੀਵਾਰ ਹੋਣ ਕਰਕੇ ਕਾਫੀ ਭੀੜ ਸੀ। ਡਾਕਟਰ ਦੇ ਕਮਰੇ ਦੇ ਬਾਹਰ ਬਰਾਂਡੇ ਵਿਚ ਲੱਗੇ ਬੈਂਚਾਂ ਤੇ ਕਾਫੀ ਮਰੀਜ਼ ਬੈਠੇ ਸਨ। ਮੈਂ ਵੀ ਉੱਥੇ ਬੈਠ ਗਈ। ਇੰਨੇ ਨੂੰ ਮੇਰੀ ਨਜਰ ਸਾਹਮਣੇ ਆਉਂਦੀ ਇਕ ਮੈਡਮ ਵੱਲ ਪਈ। ਮੈਡਮ ਬੜੀ ਅੱਪ ਟੂ ਡੇਟ ਸੀ। ਮੈਂ ਅੱਗਲਵਾਂਡੀ ਉੱਠ ਕੇ ਉਹਦੇ ਕੋਲ ਗਈ ਤੇ ਹੌਲੀ ਜਿਹੀ ਉਹਨੂੰ ਕੁਝ ਕਿਹਾ, ਉਹ ਥੋੜ੍ਹਾ ਜਿਹਾ ਝੁਕੀ ਤੇ ਫਿਰ ਉੱਪਰ ਹੋਈ। ਉਹਦਾ ਹਾਸਾ ਬੰਦ ਨਹੀਂ ਸੀ ਹੋ ਰਿਹਾ, ਉਹ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਹਾਲੇ ਇਹੋ ਕਹਿੰਦੀ, "ਮੈਡਮ. . . . . . . . . . . . . . . ਤੁਹਾਡੇ. . . . . . . . ." ਤੇ ਫਿਰ ਉਹਦਾ ਹਾਸਾ ਨਿਕਲ ਜਾਂਦਾ। ਦੋ ਤਿੰਨ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਬੇਵੱਸ ਹੋ ਕੇ ਉਹਨੇ ਮੇਰਾ ਹੱਥ ਫੜ ਕੇ ਮੈਨੂੰ ਹੇਠਾਂ ਵੱਲ ਝੁਕਾ ਕੇ ਮੇਰੇ ਪੈਰਾਂ ਵੱਲ ਇਸ਼ਾਰਾ ਕੀਤਾ ਤੇ ਫਿਰ ਕੀ ਸੀ, ਸਾਡਾ ਦੋਵਾਂ ਦਾ ਹੱਸ ਹੱਸ ਕੇ ਬੁਰਾ ਹਾਲ ਸੀ। ਅੱਖਾਂ ਵਿਚੋਂ ਪਾਣੀ ਵਗ ਰਿਹਾ ਸੀ। ਉਹ ਹੱਸਦੀ ਹੱਸਦੀ ਇਹ ਕਹਿ ਕੇ ਚਲੇ ਗਈ ਕਿ ਮੇਰੀ 1/3 ਛੁੱਟੀ ਤਾਂ ਇੱਥੇ ਖਤਮ ਹੋ ਗਈ, ਦਵਾਈ ਫੇਰ ਕਿਸੇ ਦਿਨ ਲੈ ਲਵਾਂਗੀ।

ਅਸਲ ਵਿੱਚ ਉਹਦੀ ਸਲਵਾਰ ਦਾ ਇਕ ਪੌਂਹਚਾ ਜੁਰਾਬ ਦੇ ਅੰਦਰ ਸੀ। ਜਦੋਂ ਉਹਨੇ ਹੇਠਾਂ ਹੋ ਕੇ ਆਪਣੀ ਜੁਰਾਬ ਠੀਕ ਕੀਤੀ ਤਾਂ ਉਹਦੀ ਨਜਰ ਮੇਰੀਆਂ ਜੁਰਾਬਾਂ ਉੱਪਰ ਪਈ, ਜਿਹੜੀਆਂ ਕਿ ਦੋਵੇਂ ਹੀ ਪੌਂਹਚਿਆਂ ਦੇ ਉੱਪਰ ਸੀ। 😀😀

ਕਈ ਮਹੀਨੇ ਮੈਂ ਬੱਚਿਆਂ ਦੀ ਪੀ ਟੀ ਮੀਟ ਤੇ ਨਾ ਗਈ।