ਆਪ ਬੀਤੀ 😃😃😃

ਸੱਤ ਕੁ ਸਾਲ ਪਹਿਲਾਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਗਰਾਤੇ ਤੇ ਗਏ। ਰੋਟੀ ਖਾਂਦਿਆਂ ਇਕ ਵਾਕਫ ਅਧਿਆਪਕਾ ਮੇਰੇ ਕੋਲ ਆ ਕੇ ਹਾਲ ਚਾਲ ਪੁੱਛਣ ਲੱਗੇ। ਉਸਦੇ ਇੱਕ ਵਾਕ ਨਾਲ ਮੇਰੀ ਮੂੰਹ ਵਾਲੀ ਬੁਰਕੀ ਮੂੰਹ ਵਿਚ ਅਤੇ ਹੱਥ ਵਾਲੀ ਹੱਥ ਵਿਚ ਹੀ ਰਹਿ ਗਈ। ਕੁਝ ਦੇਰ ਪਹਿਲਾਂ ਉਹ ਅਤੇ ਉਸਦਾ ਪਤੀ ਮੇਰੇ ਪਤੀ ਕੋਲ ਖੜੇ ਸੀ। ਮੈਂ ਸੋਚਾਂ ਕਿ ਇਹੋ ਜਿਹੀ ਕਿਹੜੀ ਗੱਲ ਇੰਨਾ ਨੂੰ ਪਤਾ ਲੱਗ ਗਈ ਜਿਹੜੀ ਮੈਨੂੰ ਨਹੀਂ ਪਤਾ। ਹਾਲੇ ਕੁਝ ਦਿਨ ਪਹਿਲਾਂ ਹੀ ਮੈਂ ਰੁਟੀਨ ਮੈਡੀਕਲ ਟੈਸਟ ਕਰਵਾਏ ਸੀ। ਸਭ ਕੁਝ ਠੀਕ ਸੀ। ਸੋਚਾਂ, ਜਾਂ ਤਾਂ ਇਹਨੂੰ ਗਲਤੀ ਲੱਗੀ ਜਾਂ ਮੇਰੇ ਪਤੀ ਨੇ ਮੇਰੇ ਤੋਂ ਕੁੱਝ ਲਕੋਇਆ।

"ਮੈਡਮ ਵੈਸੇ ਤੁਸੀਂ ਚਾਰ ਪੰਜ ਸਾਲ ਹਾਲੇ ਹੋਰ ਕੱਢ ਸਕਦੇ ਸੀ।" ਉਹਦੇ ਇਹ ਬੋਲ ਮੇਰੇ ਕੰਨਾਂ ਵਿੱਚ 2-3 ਮਿੰਟ ਗੂੰਜਦੇ ਰਹੇ, ਇਨ੍ਹਾਂ ਚਿਰ ਨੂੰ ਉਹ ਆਪਣੀ ਖਾਲੀ ਪਲੇਟ ਵਾਪਸ ਰੱਖ ਕੇ ਆਈਸ ਕਰੀਮ ਲੈਕੇ ਮੇਰੇ ਕੋਲ ਆਕੇ ਫਿਰ ਉਸੇ ਗੱਲ ਨੂੰ ਜਾਰੀ ਕਰਦੇ ਬੋਲੀ, "ਡਿਪਾਰਟਮੈਂਟ ਨੂੰ ਹਾਲੇ ਤੁਹਾਨੂੰ ਰਿਟਾਇਰ ਨਹੀਂ ਸੀ ਕਰਨਾ ਚਾਹੀਦਾ।" 😃 ਮੈਂ ਸੁੱਖ ਦਾ ਸਾਹ ਲਿਆ ਤੇ ਫਟਾਫਟ ਆਪਣੀ ਪਲੇਟ ਖਾਲੀ ਕੀਤੀ। 🙏

ਚੰਦਰ ਪ੍ਰਭਾ