ਵਾਹਵਾ ਪੁਰਾਣੀ ਗੱਲ ਆ ਦਫਤਰੋਂ 8500/- ਰੁਪਏ ਬਕਾਇਆ ਮਿਲਿਆ ਉਸ ਵੇਲੇ ਬੜੀ ਵੱਡੀ ਰਕਮ ਸੀ। ਮੈਂ ਉਹ ਪੈਸੇ ਪਾਸੇ ਰੱਖ ਲਏ ਸੋਚਿਆ ਛੁੱਟੀ ਵਾਲੇ ਦਿਨ ਸੋਨੇ ਦੀਆਂ ਚੂੜੀਆਂ ਲੈ ਆਵਾਂਗੀ।
15 ਕੁ ਦਿਨਾਂ ਬਾਅਦ ਮੈਂ ਆਪਣੀ ਸਾਹਮਣੇ ਰਹਿੰਦੀ ਸਹੇਲੀ ਨੂੰ ਨਾਲ ਲਿਆ ਤੇ ਚਿੱਟੇ ਕਟੜੇ ਸੁਨਿਆਰੇ ਦੀ ਦੁਕਾਨ ਤੇ ਚਲੇ ਗਈਆਂ। ਜਨਾਨੀਆਂ ਨਾਲ ਸਾਰੀ ਦੁਕਾਨ ਭਰੀ ਪਈ ਸੀ ਸਿਰਫ਼ ਇੱਕ ਆਦਮੀ ਗੰਦਾ ਜਿਹਾ ਥੈਲਾ ਫੜੀ ਕੰਧ ਨਾਲ ਢੋਅ ਲਾ ਕੇ ਖੜਾ ਸੀ। ਸੋਚਿਆ ਗਾਹਕਾਂ ਤੇ ਨਿਗਰਾਨੀ ਲਈ ਖਲ੍ਹਾਰਿਆ ਹੋਣਾ। ਅਸੀਂ ਅੱਗੇ ਜਾ ਕੇ ਬੈਂਚ ਤੇ ਬਹਿ ਗਈਆਂ। ਚੂੜੀਆਂ ਦਾ ਰੇਟ ਸੁਣ ਕੇ ਖਰੀਦਣ ਦਾ ਹੌਸਲਾ ਨਾ ਪਿਆ। ਚੂੜੀਆਂ, ਕੜਿਆਂ ਤੋਂ ਸ਼ੁਰੂ ਹੋ ਕੇ ਗੱਲ ਮੁੰਦਰੀ ਤੇ ਆ ਕੇ ਮੁੱਕੀ, ਦੁਕਾਨਦਾਰ ਨੂੰ 2800/- ਰੁਪਏ ਦੇ ਕੇ ਮੈਂ ਸ਼ੁਕਰ ਕੀਤਾ।
ਸਾਡੇ ਨਾਲ ਹੀ ਇੱਕ ਗੋਰੀ ਚਿੱਟੀ ਔਰਤ ਨੇ ਸੁਨਿਆਰੇ ਨੂੰ ਚੈਨੀ ਵਖਾਉਣ ਲਈ ਕਿਹਾ, ਉਹਨੇ ਵੇਟ ਪੁਛਿਆ ਤਾਂ ਕਹਿੰਦੀ, "ਆਹੀ ਬਸ ਚਾਰ ਪੰਜ ਤੋਲੇ ਦੀ।" ਦੁਕਾਨਦਾਰ ਨੇ ਡੱਬੇ ਖੋਲੇ ਉਹਨੇ ਝੱਟ ਪਸੰਦ ਕੀਤੀ ਤੇ ਮਾੜੀ ਜਿਹੀ ਗਰਦਨ ਪਿੱਛੇ ਮੋੜੀ। ਪਿੱਛੇ ਖੜਾ ਥੈਲੇ ਵਾਲਾ ਆਦਮੀ ਅੱਗੇ ਆਇਆ ਤੇ ਥੈਲੇ ਵਿਚੋਂ ਥੱਬਾ ਨੋਟਾਂ ਦਾ ਕੱਢ ਕੇ ਦੁਕਾਨਦਾਰ ਨੂੰ ਦਿੱਤਾ ਤੇ ਦੋਵੇਂ ਸਕੂਟਰ ਤੇ ਬਹਿ ਕੇ ਚਲੇ ਗਏ।
ਅਸੀਂ ਵੀ ਦੁਕਾਨ ਤੋਂ ਬਾਹਰ ਆ ਗਈਆਂ। ਥੜ੍ਹੇ ਤੋਂ ਉਤਰਦਿਆਂ ਪ੍ਰਮੋਦ ਹੱਸੀ ਜਾਵੇ ਉਹਦੇ ਤੋਂ ਗੱਲ ਨਾ ਹੋਵੇ। ਕਾਰਨ ਪੁੱਛਣ ਤੇ ਹੱਸਦੀ ਹੱਸਦੀ ਕਹਿੰਦੀ, "ਕਿ ਐਂਵੇਂ ਗੋਰੇ ਚਿੱਟੇ ਵੇਖ ਕੇ ਬੰਦੇ ਪਸੰਦ ਕੀਤੇ ਉਹਦੇ ਵਰਗਾ ਵਿੰਗਾ ਟੇਡਾ ਲਿਆ ਹੁੰਦਾ ਪੰਜ ਪੰਜ ਤੋਲੇ ਦੀਆਂ ਚੈਨੀਆਂ ਤਾਂ ਮਿਲਦੀਆਂ।"