ਪਿੰਡ ਵਿੱਚ ਚੈਕਿੰਗ ਤੇ ਗਏ ਮੁਲਾਜ਼ਮਾਂ ਨੂੰ ਕੁਝ ਬੰਦੇ ਡਾਂਗਾਂ ਲੈ ਕੇ ਪੈ ਗਏ। ਕਹਿੰਦੇ ਬਈ ਬੱਤੀ ਤੇ ਆਉਂਦੀ ਨਹੀਂ ਤੇ ਤੁਸੀਂ ਕੁੰਡੀਆਂ ਫੜਨ ਆ ਗਏ ਓ। ਮੁਲਾਜ਼ਮਾਂ ਆ ਕੇ ਅਫਸਰਾਂ ਨੂੰ ਸਾਰੀ ਗੱਲ ਦੱਸੀ। ਹੌਸਲਾ ਦੇਣ ਤੋਂ ਬਾਅਦ ਫੈਸਲਾ ਹੋਇਆ ਬਈ ਕੱਲ ਸਾਰੇ ਕੱਠੇ ਹੋ ਕੇ ਮੁਜਾਹਰਾ ਕਰੀਏ ਕਿ ਸਾਨੂੰ ਸਕਿਓਰਟੀ ਦਿਓ ਨਹੀਂ ਤਾਂ ਅਸੀਂ ਚੈਕਿੰਗ ਤੇ ਨਹੀਂ ਜਾਣਾ।
ਸਟੇਜ ਤੇ ਲੀਡਰ ਬੜੇ ਜੋਸ਼ ਨਾਲ ਭਾਸ਼ਣ ਦੇ ਰਹੇ ਸੀ। ਇੱਕ ਸਟੇਜ ਤੋਂ ਉਤਰਦਾ ਤੇ ਦੂਜਾ ਆ ਕੇ ਨ੍ਹਾਰੇ ਲਾ ਕੇ ਮਹੌਲ ਵਿੱਚ ਹੋਰ ਜੋਸ਼ ਭਰ ਦਿੰਦਾ। ਇੱਕ ਬੰਦਾ ਜਾ ਕੇ ਮੰਗ ਪੱਤਰ ਲੈਣ ਲਈ ਐੱਸ ਡੀ ਓ ਸਾਹਿਬ ਨੂੰ ਸੱਦ ਲਿਆਇਆ। ਨਾਹਰੇ ਹੋਰ ਉੱਚੀ ਹੋ ਗਏ। "ਸਾਡਾ ਏਕਾ ਜਿੰਦਾਬਾਦ। ਐਸ ਡੀ ਓ ਸਾਹਿਬ ਜਿੰਦਾਬਾਦ।"
ਸਾਹਿਬ ਖੁਸ਼ ਹੋ ਗਏ। ਪ੍ਰਧਾਨ ਨੇ ਭਾਸ਼ਨ ਸ਼ੁਰੂ ਕੀਤਾ ਤੇ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ, "ਸਾਨੂੰ ਬਹੁਤ ਖੁਸ਼ੀ ਆ ਕਿ ਇਸ ਮੁੱਦੇ ਤੇ ਸਾਡੇ ਅਫਸਰ ਸਾਡੇ ਨਾਲ ਨੇ। ਇਹ ਜਿਹੜੇ ਕੱਲ੍ਹ ਸਾਡੇ ਬੰਦਿਆਂ ਨੂੰ ਡਾਂਗਾਂ ਲੈ ਕੇ ਪਏ ਨੇ ਤੇ ਆਪਣੇ ਆਪ ਨੂੰ ਵੱਡੇ ਗੁੰਡੇ ਸਮਝਦੇ ਆ, ਮੈਂ ਇਨ੍ਹਾਂ ਨੂੰ ਵੀ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਗੁੰਡੇ ਸਾਡੇ ਸਾਹਿਬ ਤੋਂ ਵੱਡੇ ਨਹੀਂ ਹੈਗੇ।" ਤਾੜੀਆਂ ਨਾਹਰਿਆਂ ਨਾਲ ਮਹੌਲ ਹੋਰ ਭਖ ਗਿਆ। ਸਾਹਿਬ ਖੜੇ ਹੋ ਕੇ ਫਟਾਫਟ ਕਹਿੰਦੇ, "ਲਿਆਓ ਦਿਓ ਮੰਗ ਪੱਤਰ ਮੈਂ ਮੀਟਿੰਗ ਤੇ ਵੀ ਜਾਣਾ ਫਿਰ।"