"ਸੁਣਿਆ ਏ ਤਾਰੋ ਔਹ ਪੰਚਾਂ ਦੇ ਮੁੰਡਾ ਹੋਇਆ ਏ।" ਗਲੀ ਵਿਚੋਂ ਲੰਘਦੀ 2 ਛਿੰਦੋ ਕਹਿ ਰਹੀ ਸੀ। ਪਹਿਲਾਂ ਹੀ ਭਰੀ ਪੀਤੀ ਤਾਰੋ ਨੂੰ ਪਤਾ ਨਹੀਂ ਕੀ ਹੋਇਆ ਉਹ ਛਿੰਦੋ ਤੇ ਹੀ ਵਰ੍ਹ ਗਈ, "ਨੀ ਕੋਈ ਨਵੀਂ ਗੱਲ ਸੁਣਾ ਪੰਚਾਂ ਘਰ ਮੁੰਡੇ ਤਾਂ ਢੀਮਾਂ ਵਾਂਗ ਡਿੱਗਦੇ ਨੇ। ਹਾਲੇ ਪਿਛਲੇ ਮਹੀਨੇ ਵੱਡੀ ਨੂੰਹ ਦੇ ਘਰ ਮੁੰਡਾ ਹੋਇਆ ਤੇ ਹੁਣ ਛੋਟੀ ਦੇ ਤੇ ਵੇਖੀਂ ਹੋਰ ਦੋ ਮਹੀਨਿਆਂ ਨੂੰ ਵਿਚਲੀ ਦੇ ਵੀ ਮੁੰਡਾ ਈ ਹੋਣਾ ਐ। ਮੇਰੇ ਨਿਕਰਮੀ ਵਾਂਗ ਥੋੜ੍ਹਾ, ਪੁੱਤ ਦਾ ਮੂੰਹ ਵੇਖਣਾ ਈ ਨਸੀਬ ਨਹੀਂ ਹੋਇਆ। ਖੌਰੇ ਰੱਬ ਦੇ ਕਿਹੜੇ ਮਾਂਹ ਮਾਰੇ ਆ ਮੈਂ?"

ਬੋਲਦੀ ਬੋਲਦੀ ਤਾਰੋ 35 ਸਾਲ ਪਿੱਛੇ ਗਵਾਚ ਗਈ। ਜਦੋਂ ਉਹ ਵਿਆਹ ਕੇ ਆਈ ਸੀ ਤਾਂ ਉਸੇ ਦਿਨ ਪੰਚਾਂ ਦੇ ਜੀਤੇ ਦੀ ਜੰਝ ਤੁਰੀ ਸੀ। ਸਾਲ ਸਾਲ ਦੀ ਵਿੱਥ ਤੇ ਜੀਤੇ ਦੇ ਘਰ ਤਿੰਨ ਮੁੰਡੇ ਹੋਏ ਤੇ ਤਾਰੋ ਦੇ ਤਿੰਨ ਕੁੜੀਆਂ। ਛੋਟੀ ਕੁੜੀ ਦੋ ਸਾਲ ਦੀ ਸੀ ਕਿ ਪਿਓ ਐਕਸੀਡੈਂਟ ਵਿੱਚ ਚੱਲ ਵੱਸਿਆ। ਜਿਵੇਂ ਤਿਵੇਂ ਤਿੰਨੇ ਕੁੜੀਆਂ ਵਿਆਹੀਆਂ ਗਈਆਂ। ਜਵਾਈ ਲੱਖ ਚੰਗੇ ਸੀ ਪਰ ਪੁੱਤ ਦੀ ਹਿਰਸ ਕਿਹਨੂੰ ਨਹੀਂ ਹੁੰਦੀ? ਨਾਲੇ ਪੰਚਾਂ ਦੇ ਘਰ ਕੁਰਬਲ ਕੁਰਬਲ ਕਰਦੇ 6 ਜੁਆਕ ਵੇਖ ਉਹਦਾ ਕਲੇਜਾ ਭਰ ਆਉਂਦਾ।

ਪੀੜ੍ਹੀ ਘੜੀਸਦੀ ਉਹ ਅੰਦਰ ਆ ਗਈ। ਜਦੋਂ ਦੀ ਉਹਦੀ ਲੱਤ ਖਲੋ ਗਈ ਸੀ ਉਹ ਪੀੜ੍ਹੀ ਘੜੀਸ ਕੇ ਹੀ ਅੰਦਰ ਬਾਹਰ ਆਉਂਦੀ ਜਾਂਦੀ ਸੀ। ਫੋਨ ਦੀ ਘੰਟੀ ਪਤਾ ਨਹੀਂ ਕਦੋਂ ਦੀ ਵੱਜਦੀ ਪਈ ਸੀ। ਰਸੀਵਰ ਚੁੱਕਿਆ ਛੋਟੇ ਜਵਾਈ ਗੁਰਮੀਤ ਦਾ ਫੋਨ ਸੀ। ਬੜੇ ਪਿਆਰ ਨਾਲ ਬੋਲਿਆ, "ਬੀਬੀ ਇਨ੍ਹਾਂ ਚਿਰ ਕਿਉਂ ਲਾ ਤਾ ਫੋਨ ਚੁੱਕਣ ਨੂੰ? ਹਾਂ ਮੈਂ ਇਹ ਦੱਸਣ ਲਈ ਫੋਨ ਕੀਤਾ ਕਿ ਅਸੀਂ ਤੁਹਾਨੂੰ ਲੈਣ ਤੜਕੇ ਆਵਾਂਗੇ, ਤਿਆਰ ਰਹਿਓ।"

ਅਗਲੇ ਦਿਨ ਧੀ ਜਵਾਈ ਆ ਕੇ ਤਾਰੋ ਨੂੰ ਆਪਣੇ ਘਰ ਲੈ ਗਏ। ਛੁੱਟੀ ਵਾਲੇ ਦਿਨ ਦੋਵੇਂ ਵੱਡੀਆਂ ਕੁੜੀਆਂ ਵੀ ਆਪਣੇ ਨਿਆਣਿਆਂ ਨਾਲ ਉੱਥੇ ਹੀ ਆ ਜਾਂਦੀਆਂ। ਨਿਆਣੇ ਨਾਨੀ ਨੂੰ ਬੜੇ ਚਾਈਂ ਚਾਈਂ ਮਿਲਣ ਆਉਂਦੇ। ਕਰਦੇ ਕਰਦੇ ਝੱਟ ਇੱਕ ਸਾਲ ਨਿਕਲ ਗਿਆ।

ਸਾਲ ਕੁ ਬਾਅਦ ਘਰ ਫੇਰਾ ਪਾਉਣ ਦਾ ਜੀਅ ਕੀਤਾ। ਮੂੰਹੋਂ ਗੱਲ ਨਿਕਲਣ ਦੀ ਦੇਰ ਸੀ ਗੁਰਮੀਤ ਨੇ ਛਿੰਦੀ ਨੂੰ ਨਾਲ ਤਿਆਰ ਹੋਣ ਲਈ ਕਹਿ ਹਦਾਇਤ ਕੀਤੀ ਕਿ ਜਿੰਨੇ ਦਿਨ ਬੀਬੀ ਕਹੇ ਨਾਲ ਹੀ ਰਹੀ, ਨਿਆਣਿਆਂ ਦਾ ਮੈਂ ਆਪੇ ਸਾਰ ਲੂਂਗਾ।

ਗਲੀ ਵੜਦਿਆਂ ਬੂਹੇ ਅੱਗੇ ਭੀੜ ਲੱਗੀ ਵੇਖ ਤਾਰੋ ਦਾ ਤਰਾਹ ਨਿਕਲ ਗਿਆ। ਪੁੱਛਣ ਤੇ ਪਤਾ ਲੱਗਾ ਕਿ ਜੀਤੇ ਦੇ ਘਰ ਦੀ ਸੁੱਤੀ ਸੌਂ ਗਈ। ਤਿੰਨ ਮਹੀਨੇ ਪਹਿਲਾਂ ਜੀਤਾ ਵੀ ਕਰੰਟ ਲੱਗ ਕੇ ਮਰ ਗਿਆ। ਤਿੰਨੇ ਮੁੰਡੇ ਇੱਕ ਦਿੱਲੀ, ਇੱਕ ਬੰਬਈ ਤੇ ਤੀਜਾ ਪਿੰਡ ਵਿੱਚ ਹੀ ਅੱਡ ਹੋ ਗਿਆ ਸੀ।

ਗੱਡੀ ਵਿਚੋਂ ਪੀੜ੍ਹੀ ਕੱਢ ਉਹ ਜੀਤੇ ਕੀ ਡਿਓੜੀ ਵਿੱਚ ਹੀ ਬਹਿ ਗਈ। ਸਾਰਾ ਦਿਨ ਗਲੀ ਮੁਹੱਲੇ ਵਾਲੇ ਆਉਂਦੇ ਜਾਂਦੇ ਰਹੇ ਤੇ ਭਾਂਤ ਭਾਂਤ ਦੀਆਂ ਗੱਲਾਂ ਹੁੰਦੀਆਂ ਰਹੀਆਂ, "ਵੇਖੋ ਤਿੰਨ ਪੁੱਤਾਂ ਦੀ ਮਾਂ ਤੇ ਹੁਣ ਕੋਈ ਵੀ ਨਹੀਂ ਬਹੁੜਿਆ, ਹਫਤਾ ਹੋ ਗਿਆ ਢਿੱਲੀ ਮੱਠੀ ਨੂੰ। ਛੋਟੇ ਮੁੰਡੇ ਨੂੰ ਹੱਟੀ ਤੇ ਕਹਿ ਕੇ ਵੀ ਆਏ ਆਂ ਪਰ ਵੜਿਆ ਨਹੀਂ। ਵੱਡੇ ਦੋ ਨੇ ਤਾਂ ਸਾਲ ਹੋ ਗਿਆ ਪਿੱਛੇ ਮੁੜ ਕੇ ਨਹੀਂ ਵੇਖਿਆ।"

ਵੰਨ ਸਵੰਨੀਆਂ ਗੱਲਾਂ ਸੁਣ ਤਾਰੋ ਨੂੰ ਕਾਂਬਾ ਛਿੜ ਗਿਆ ਉਹਦੇ ਮੂੰਹੋਂ ਝੱਟ ਨਿਕਲਿਆ, "ਨਿਕਰਮੀ ਮੈਂ ਨਹੀਂ ਆਹ ਏ ਜਿਹੜੀ ਤਿੰਨ ਪੁੱਤ ਜੰਮ ਕੇ ਵੀ ਕੱਲੀ ਆ।" ਉਹ ਪੀੜ੍ਹੀ ਘੜੀਸਦੀ ਦਲੀਜੋਂ ਬਾਹਰ ਆ ਗਈ।