ਪਿੰਡ ਦੇ ਬਾਹਰਵਾਰ ਅੱਜ ਫਿਰ ਕੋਈ ਮੁਰਦਾ ਫੂਕਿਆ ਜਾ ਰਿਹਾ ਸੀ। ਸਾਰਾ ਟੱਬਰ ਗਮ ਵਿੱਚ ਡੁੱਬਿਆ ਹੋਇਆ ਸੀ। ਦੂਰ ਖੜ੍ਹੇ ਨਿੱਕੇ ਜਿਹੇ ਮੁੰਡੇ ਦੀਆਂ ਅੱਖਾਂ ਪਤਾ ਨਹੀਂ ਕਿਸ ਆਸ ਨਾਲ ਬਲਦੇ ਸਿਵੇ ਨੂੰ ਤੱਕ ਰਹੀਆਂ ਸੀ। ਸਸਕਾਰ ਤੇ ਆਏ ਸਾਰੇ ਲੋਕ ਮੂੰਹ ਹੱਥ ਧੋ ਹੌਲੀ ਹੌਲੀ ਤੁਰਦੇ ਬਣੇ। ਘਰ ਦੇ 5-7 ਜੀਅ ਹਾਲੇ ਉੱਥੇ ਹੀ ਖੜ੍ਹੇ ਸੀ। ਨਿੱਕਾ ਮੁੰਡਾ ਉਹਨਾਂ ਦੇ ਪਿੱਛੇ ਆ ਕੇ ਖਲੋ ਗਿਆ।

"ਕਹਿੰਦੇ ਆ ਕੁਆਰੇ ਦੀ ਰਾਖੀ ਬੜੀ ਹੁੰਦੀ ਆ, ਸੌ ਮਾੜੇ ਚੰਗੇ ਬੰਦੇ ਤੁਰੇ ਫਿਰਦੇ ਆ। ਤੁਸੀਂ ਚੱਲੋ ਮੈਂ ਤੇ ਗੇਜਾ ਸਿਵਾ ਠੰਢਾ ਕਰਕੇ ਆਉਣੇ ਆਂ।" ਘਰ ਦੇ ਬਜੁਰਗ ਦੇ ਕਹਿਣ ਦੀ ਦੇਰ ਸੀ ਕਿ ਸਾਰੇ ਤੁਰ ਪਏ। ਨਿੱਕਾ ਮੁੰਡਾ ਵੀ ਨੀਂਵੀ ਪਾ ਉਹਨਾਂ ਦੇ ਮਗਰੇ ਮਗਰ ਤੁਰ ਪਿਆ।

"ਮਾਂ ਲਗਦਾ ਅੱਜ ਫਿਰ ਭੁੱਖੇ ਸੌਣਾ ਪਊ, ਉਹਨਾਂ ਸਿਵਾ ਠੰਢਾ ਕਰਕੇ ਜਾਣਾ ਏ।" ਨਿੰਮੋਝੂਣੇ ਹੋਏ ਮੁੰਡੇ ਨੂੰ ਹਿੱਕ ਨਾਲ ਲਾਈ ਉਹ ਝੁੱਗੀ ਅੰਦਰ ਚਲੇ ਗਈ ਤੇ ਆਉਣ ਵਾਲੇ ਕੱਲ ਕਿਸੇ ਕੁਆਰੇ ਨੂੰ ਨਾ ਮਾਰਨ ਦੀ ਮਿੰਨਤ ਰੱਬ ਅੱਗੇ ਕਰਨ ਲੱਗੀ ਤਾਂ ਜੋ 1-2 ਅੱਧਸੜੇ ਮੁੱਢ ਲੈ ਕੇ ਰੋਟੀ ਟੁੱਕ ਕਰ ਸਕੇ।