ਸਾਡੇ ਪਿਤਾ ਜੀ (ਸਹੁਰਾ ਸਾਹਿਬ) ਗੁੱਸੇ ਦੇ ਨਾਲ ਨਾਲ ਮਜਾਕੀਆ ਸੁਭਾਅ ਕਰਕੇ ਭਿੱਖੀਵਿੰਡ ਅੱਡੇ ਤੇ ਜਾਣੇ ਜਾਂਦੇ ਸੀ। ਕੋਈ ਉਨ੍ਹਾਂ ਦੇ ਮਜਾਕ ਦਾ ਗੁੱਸਾ ਨਹੀਂ ਸੀ ਕਰਦਾ।

ਇੱਕ ਦਿਨ ਉਨ੍ਹਾਂ ਕੋਲ ਕਿਸੇ ਪਿੰਡੋਂ ਇੱਕ ਬਜੁਰਗ ਆਇਆ ਤੇ ਉਨ੍ਹਾਂ ਨੂੰ ਪੁੱਛਣ ਲੱਗਾ ਕਿ ਨ੍ਹਾਮਾ ਪੱਲੇਦਾਰ ਕਿੱਥੇ ਹੁੰਦਾ? ਪਿਤਾ ਜੀ ਨੇ ਸੜਕੋਂ ਪਾਰ ਇਸ਼ਾਰਾ ਕਰਦਿਆਂ ਕਿਹਾ, "ਉਹ ਸਾਹਮਣੇ ਜਿਹੜਾ ਸਬਜੀ ਦੀ ਰੇਹੜੀ ਲਾਗੇ ਪੈਰਾਂ ਭਾਰ ਧੁੱਪੇ ਬੈਠਾ, ਉਹ ਨ੍ਹਾਮਾ ਈ ਆ ਪਰ ਉਹਨੂੰ ਜਰਾ ਉੱਚੀ ਸੁਣਦਾ ਈ।" ਇੰਨੇ ਨੂੰ ਪਿਤਾ ਜੀ ਨੇ ਦੋ ਚਾਰ ਬੰਦਿਆਂ ਨੂੰ ਆਪਣੇ ਕੋਲ ਅਵਾਜ ਮਾਰ ਕੇ ਸਾਰੀ ਗੱਲ ਦੱਸੀ।

ਬਜੁਰਗ ਸੜਕ ਪਾਰ ਕਰਕੇ ਨ੍ਹਾਮੇ ਦੇ ਸਾਹਮਣੇ ਪੈਰਾਂ ਭਾਰ ਬਹਿ ਕੇ ਉੱਚੀ ਸਾਰੀ ਕਹਿੰਦਾ, "ਨ੍ਹਾਮਿਆ ਬੁੱਢੜੀ ਮਰ ਗੀ ਊ।" ਨ੍ਹਾਮੇ ਨੇ ਸੋਚਿਆ ਬਜੁਰਗ ਬੋਲਾ ਏ। ਉਹ ਵੀ ਉੱਚੀ ਸਾਰੀ ਕਹਿੰਦਾ, "ਕਦੋਂ?" ਬਜੁਰਗ ਹੋਰ ਉੱਚੀ ਬੋਲਿਆ, "ਤੜਕੇ ਪੰਜ ਵਜੇ।" ਉਹ ਦੋਵੇਂ ਇੱਕ ਦੂਜੇ ਨੂੰ ਬੋਲਾ ਸਮਝ ਕੇ ਕਿੰਨਾ ਚਿਰ ਉੱਚੀ ਉੱਚੀ ਗੱਲਾਂ ਕਰਦੇ ਰਹੇ ਤੇ ਪਿਤਾ ਜੀ ਕੋਲ ਖੜੇ ਸਾਰੇ ਬੰਦੇ ਹੱਥ ਤੇ ਹੱਥ ਮਾਰ ਕੇ ਹੱਸਦੇ ਰਹੇ। 😀😀