ਮੈਂ ਇੱਕ ਅਧਿਆਪਕ ਹਾਂ। ਬੜਾ ਜੀਅ ਕਰਦਾ ਬੱਚਿਆਂ ਨੂੰ ਪੜ੍ਹਾਉਣ ਦਾ। ਰੋਜ਼ ਸਵੇਰੇ ਸਕੂਲ ਜਾਣ ਲੱਗਿਆਂ ਸੋਚਦਾ ਹਾਂ ਕਿ ਅੱਜ ਕੋਈ ਖਾਸ ਰੁਝੇਵਾਂ ਤਾਂ ਹੈ ਨਹੀਂ, ਅੱਜ ਬੱਚਿਆਂ ਨੂੰ ਜ਼ਰੂਰ ਕੁੱਝ ਨਾ ਕੁਝ ਪੜ੍ਹਾਉਣਾ।
ਇਹੋ ਸੋਚ ਲੈ ਕੇ ਰੋਜ਼ ਦੀ ਤਰ੍ਹਾਂ ਅੱਜ ਫਿਰ ਪੂਰੀ ਤਿਆਰੀ ਨਾਲ ਸਕੂਲ ਅੱਪੜਿਆ ਤਾਂ ਸਾਰਾ ਸਟਾਫ ਝੁੰਡ ਬਣਾ ਕੇ ਖੜ੍ਹਾ ਸੀ। ਮੈਨੂੰ ਵੇਖਦਿਆਂ ਹੀ ਸਭ ਨੇ ਗਰਦਨਾਂ ਘੁਮਾਈਆਂ ਤੇ ਸਿੱਧਾ ਉੱਧਰ ਹੀ ਆਉਣ ਲਈ ਅਵਾਜ਼ਾਂ ਮਾਰਣ ਲੱਗੇ। ਸਕਿੰਟਾਂ ਵਿੱਚ ਕਈ ਪੁੱਠੇ ਸਿੱਧੇ ਖਿਆਲ ਮਨ ਵਿੱਚ ਆਏ। ਮੈਂ ਕਾਹਲੀ ਕਾਹਲੀ ਉੱਥੇ ਪਹੁੰਚ ਸਭ ਵੱਲ ਪ੍ਰਸ਼ਨਾਤਮਕ ਨਜ਼ਰਾਂ ਨਾਲ ਵੇਖਿਆ। ਸਕੂਲ ਮੁਖੀ ਨੇ ਚੁੱਪ ਤੋੜਦਿਆਂ ਦੱਸਿਆ ਕਿ "ਪਰਸੋਂ ਸਕੂਲ ਵਿੱਚ ਮੰਤਰੀ ਸਾਹਿਬ ਦਾ ਅਚਨਚੇਤ ਦੌਰਾ ਹੈ, ਕਿਸੇ ਨੂੰ ਇਹ ਨਾ ਲੱਗੇ ਕਿ ਸਾਨੂੰ ਪਹਿਲਾਂ ਹੀ ਪਤਾ, ਕਿਉਂਕਿ ਉਹਨਾਂ ਦੇ ਪੀ ਏ ਨੇ ਦੱਸਿਆ ਕਿ ਪਰਸੋਂ ਉਹਨਾਂ ਦੇ ਭਣੇਵੇਂ ਦਾ ਜਨਮ ਦਿਨ ਹੈ ਤੇ ਰਾਹ ਵਿੱਚ ਪੈਂਦੇ ਸਕੂਲਾਂ ਦਾ ਨਿਰੀਖਣ ਕਰਣਾ ਹੈ ਤੇ ਅਖ਼ਬਾਰ ਵਿਚ ਅਚਨਚੇਤ ਚੈਕਿੰਗ ਵਿਖਾ ਕੇ ਵਧੀਆ ਰੀਪੋਰਟ ਛਪਵਾਉਣੀ ਆ। ਚੱਲੋ ਖਿੱਚੋ ਸਾਰੇ ਰਲਕੇ ਤਿਆਰੀ।"
ਸਕੂਲ ਵਿੱਚ ਭੱਜ ਦੌੜ ਪੈ ਗਈ। ਕਿਸੇ ਨੇ ਫਰਨੀਚਰ ਦੇ ਰੰਗ ਰੋਗਨ ਦਾ ਜ਼ਿੰਮਾ ਲਿਆ ਤੇ ਕਿਸੇ ਨੇ ਪੰਜ ਛੇ ਬੰਦੇ ਲਿਆ ਬਾਹਰ ਚਾਰਦੀਵਾਰੀ ਤੇ ਮੇਨ ਗੇਟ ਦੀ ਲੀਪਾ ਪੋਚੀ ਸ਼ੁਰੂ ਕਰਵਾਈ, ਕੋਈ ਚਾਰਟ ਬਣਾ ਰਿਹਾ ਸੀ ਤੇ ਕੋਈ ਕਿੱਲ ਠੋਕ ਰਿਹਾ ਸੀ। ਦਰਜਾ ਚਾਰ ਮੁਲਾਜ਼ਮਾਂ ਨੂੰ ਤਾਂ ਕਦੇ ਇੱਧਰੋਂ ਤੇ ਕਦੇ ਉੱਧਰੋਂ ਅਵਾਜ਼ਾਂ ਪੈ ਰਹੀਆਂ ਸੀ। ਕਮਰੇ, ਦਰਵਾਜ਼ੇ ਧੋਤੇ ਗਏ ਤੇ ਖੂਬ ਸਜਾਏ ਗਏ। ਬੱਚੇ ਘੜੀ ਮੁੜੀ ਪੁੱਛਣ, ਮਾਸਟਰ ਜੀ ਕਿੰਨ੍ਹੇ ਆਉਣਾ? ਮਾਸਟਰ ਜੀ ਕਿੰਨ੍ਹੇ ਆਉਣਾ? ਮਾਸਟਰ ਜੀ ਚੁੱਪ। ਕਿਉਂਕਿ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਨਾ ਅੱਜ ਪੂਰਾ ਹੋਇਆ ਤੇ ਨਾਂ ਹੀ ਸੋਮਵਾਰ ਨੂੰ ਅਚਨਚੇਤ ਚੈਕਿੰਗ ਕਰ ਕੇ ਹੋਣਾ।
ਮਿਡ ਡੇ ਮੀਲ ਦੇ ਇੰਚਾਰਜ ਅਤੇ ਸੀਨੀਅਰ ਅਧਿਆਪਕ ਦੇ ਕੰਨ ਵਿੱਚ ਹੈਡਮਾਸਟਰ ਸਾਹਿਬ ਨੇ ਕੁਝ ਕਿਹਾ ਤੇ ਉਹਨਾਂ ਦੋਹਾਂ ਨੇ ਸਹਿਮਤੀ ਜਤਾਈ। ਥੋੜੇ ਚਿਰ ਵਿੱਚ ਹੀ ਨਵਾਂ ਟੀ ਸੈੱਟ, ਦੋ ਪੈਕਡ ਗਿਫਟ, ਕਾਪੀ ਦੇ ਇੱਕ ਪੇਪਰ ਵਿੱਚ ਲਪੇਟਿਆ ਕੁਛ ਅਤੇ ਡਰਾਈ ਫਰੂਟ ਹਾਜ਼ਰ ਸੀ।
ਐਤਵਾਰ ਲੰਘਿਆ ਤੇ ਆਇਆ ਸੋਮਵਾਰ, ਅਚਨਚੇਤ ਨਿਰੀਖਣ ਦਾ ਦਿਨ। ਸਭ ਦੇ ਸਾਹ ਸੂਤੇ ਪਏ, ਪਤਾ ਨਹੀਂ ਕੀ ਹੋਣਾ।
ਹੂਟਰ ਮਾਰਦੀਆਂ ਗੱਡੀਆਂ ਸਕੂਲ ਦੇ ਗੇਟ ਕੋਲ ਪਹੁੰਚੀਆਂ। ਗੱਡੀ ਵਿੱਚੋਂ ਇੱਕ ਪ੍ਰੈਸ ਰੀਪੋਰਟਰ ਨਿਕਲਿਆ, ਵੀਡੀਓਗਰਾਫੀ ਸ਼ੁਰੂ। ਮੰਤਰੀ ਸਾਹਿਬ ਅਚਨਚੇਤ ਚੈਕਿੰਗ ਕਰ ਰਹੇ ਸੀ ਤੇ ਉਹਨਾਂ ਨਾਲ ਆਇਆ ਸਟਾਫ ਵੀ ਭੱਜ ਭੱਜ ਸਾਹੋ ਸਾਹੀ ਹੋਇਆ ਪਿਆ ਸੀ।
ਪੀ ਏ ਨੇ ਮੰਤਰੀ ਸਾਹਿਬ ਨੂੰ ਇਸ਼ਾਰਾ ਕਰਕੇ ਪਾਸੇ ਕਰਕੇ ਹੌਲੀ ਜਿਹੀ ਕਿਹਾ, "ਸਰ ਜੀਜਾ ਜੀ ਦਾ ਫੋਨ ਸੀ, ਲੋਕੀਂ ਕੇਕ ਕੱਟਣ ਨੂੰ ਕਾਹਲੇ ਪਏ ਆ।" ਫਿਰ ਹੂਟਰ ਮਾਰਦੀਆਂ ਗੱਡੀਆਂ ਘੁੰਮੀਆਂ, ਭੱਜ ਭੱਜ ਗੱਡੀਆਂ ਵਿੱਚ ਚੜੇ।
"ਸਰ ਠੰਡਾ ਤਾਂ ਪੀ ਲੈਂਦੇ, ਸਰ, ਕੁਛ: : : : : : : : : 🙏"
"ਨਹੀਂ, ਨਹੀਂ, ਮੰਤਰੀ ਸਾਹਿਬ ਅੱਗੇ ਹੀ ਲੇਟ ਹੋ ਗਏ ਆ, ਗੱਡੀ ਵਿੱਚ ਰਖਾ ਦਿਓ।"
ਅਗਲੇ ਦਿਨ ਅਖਬਾਰ ਦੀਆਂ ਖਬਰਾਂ ਦੀਆਂ ਸੁਰਖੀਆਂ:
ਸੂਬਾ ਸਰਕਾਰ ਨੇ ਬਦਲੀ ਸਕੂਲਾਂ ਦੀ ਨੁਹਾਰ। ਮੰਤਰੀ ਸਾਹਿਬ ਦਾ: : : : : : : ਸਕੂਲ ਦਾ ਅਚਨਚੇਤ ਦੌਰਾ।
ਅੰਦਰੋਂ ਅੰਦਰ ਸਾਰੇ ਸੋਚ ਰਹੇ ਸੀ ਕਿ ਸੱਚੀਂ ਸੂਬਾ ਸਰਕਾਰ ਨੇ ਬਦਲੀ ਸਕੂਲਾਂ ਦੀ ਨੁਹਾਰ ਜਾਂ ਸਾਡੀਆਂ ਜੇਬਾਂ ਨੇ? 🫡🤔🤔🤔🤔🤔