ਕਾਫੀ ਪੁਰਾਣੀ ਗੱਲ ਹੈ, ਇੱਕ ਵਾਰ ਅਸੀਂ ਆਪਣੇ ਪਿੰਡ ਭਿੱਖੀਵਿੰਡ ਗਏ। ਸਾਡਾ ਘਰ ਖੇਮਕਰਨ ਵਾਲੀ ਸੜਕ ਤੇ, ਮੇਨ ਰੋਡ ਤੇ ਹੋਣ ਕਰਕੇ ਸਾਰਾ ਦਿਨ ਬੱਸਾਂ ਦੀ ਅਵਾਜ਼ ਅਤੇ ਰੇਹੜੀ ਵਾਲਿਆਂ ਦੀਆਂ ਟਾਰ੍ਹਾਂ ਨਾਲ ਰੌਣਕ ਲੱਗੀ ਰਹਿੰਦੀ ਆ।

ਸ਼ਾਮ ਦੇ ਸੱਤ ਕੁ ਦਾ ਟਾਈਮ ਸੀ, ਅਚਾਨਕ ਬਾਹਰੋਂ ਲੋਕਾਂ ਦੇ ਉੱਚੀ ਉੱਚੀ ਬੋਲਣ ਦੀ ਅਵਾਜ਼ ਆਈ ਜਿਵੇਂ ਕੋਈ ਵੱਡਾ ਝਗੜਾ ਹੋ ਰਿਹਾ ਹੋਵੇ। ਬਾਹਰ ਵੇਖਿਆ ਤਾਂ ਇੱਕ ਔਰਤ ਰੇਹੜੀ ਵਾਲੇ ਨੂੰ ਗਾਲ੍ਹਾਂ ਕੱਢ ਰਹੀ ਸੀ ਤੇ ਉਹ ਬਾਰ ਬਾਰ ਹੱਥ ਹੀ ਜੋੜੀ ਜਾ ਰਿਹਾ ਸੀ। ਕਹਿ ਕਹਾ ਕੇ ਲੋਕਾਂ ਨੇ ਔਰਤ ਨੂੰ ਚੁੱਪ ਕਰਾਇਆ ਤੇ ਮਸਲਾ ਪੁੱਛਿਆ, ਉਹਦਾ ਪਾਰਾ ਫਿਰ ਸਤਵੇਂ ਅਸਮਾਨ ਤੇ ਚੜ ਗਿਆ ਤੇ ਉਹ ਫਿਰ ਝਵੀ ਲੈ ਕੇ ਰੇਹੜੀ ਵਾਲੇ ਵੱਲ ਵਧੀ। ਦੋ ਚਾਰ ਸਿਆਣੇ ਬੰਦਿਆਂ ਨੇ ਅਗਾਂਹ ਹੋ ਕੇ ਕਿਹਾ, ਬੀਬੀ ਗੱਲ ਤਾਂ ਦੱਸ, ਹੋਈ ਕੀ ਆ? ਲਾਲ ਪੀਲੀ ਹੋਈ ਉੱਚੀ ਸਾਰੀ ਕਹਿੰਦੀ, "ਮੇਰਾ ਬੰਦਾ ਕਰਦਾ ਲੱਕੜ ਦਾ ਕੰਮ। ਮੈਂ ਇਹਦੀ ਰੇਹੜੀ ਕੋਲੋਂ ਲੰਘੀ ਆਂ ਤੇ ਉੱਚੀ ਉੱਚੀ ਕਹਿੰਦਾ ਤਰਖਾਣੀ ਆ ਤੇ ਆ ਜਾ।" ਉਹ ਫਿਰ ਰੇਹੜੀ ਵਾਲੇ ਵੱਲ ਵਧੀ ਜਿਵੇਂ ਉਹਨੂੰ ਖਾ ਜਾਣਾ ਹੋਵੇ। ਵਿਚੋਂ ਹੀ ਇੱਕ ਬਜੁਰਗ ਨੇ ਹੱਥ ਜੋੜੇ ਤੇ ਕਹਿਣ ਲੱਗਾ, "ਜਾ ਬੀਬੀ ਜਾ, ਅਸੀਂ ਇੱਥੇ ਸਾਰਾ ਦਿਨ ਸੁਣਦੇ ਆਂ। ਓਧੱਰ ਵੇਖ, ਆ ਈ ਉਹਦੀ ਰੇਹੜੀ ਤੇ ਉਹ ਤਰਾਂ ਵੇਚਦਾ ਈ ਤੇ ਹੋਕਾ ਦਿੰਦਾ ਏ, ਤਰ ਖਾਣੀ ਆ ਤੇ ਆ ਜਾ।" ਸਾਰੇ ਉੱਚੀ ਉੱਚੀ ਪੇਂਡੂ ਹਾਸਾ ਹੱਸਣ ਲੱਗੇ ਤੇ ਉਹ ਵੀ ਮੂੰਹ ਅੱਗੇ ਚੁੰਨੀ ਕਰਕੇ ਹੱਸਦੀ ਹੱਸਦੀ ਖਿਸਕ ਗਈ। 😂😂😂