ਪੋਹ ਦੀ ਸਿਆਲੀ ਰਾਤ, ਕੋਈ ਦੋ-ਢਾਈ ਦਾ ਟਾਈਮ ਸੀ। ਫੌਜੀ ਦੀ ਘਰਵਾਲੀ ਦੇ ਹੂੰਗਣ ਦੀ ਕਦੇ ਕਦੇ ਅਵਾਜ਼ ਆ ਰਹੀ ਸੀ। ਥੋੜ੍ਹੀ ਦੇਰ ਬਾਅਦ ਇਹ ਆਵਾਜ਼ ਉੱਚੀ ਹੋ ਗਈ। ਉਹਦੀ ਸੱਸ ਜਿਹੜੀ ਨਾਲ ਦੇ ਮੰਜੇ ਤੇ ਪਈ ਸੀ ਰਜਾਈ ਵਿੱਚੋਂ ਮੂੰਹ ਕੱਢ ਕੇ ਉੱਚੀ ਸਾਰੀ ਬੋਲੀ, "ਕੁੱਝ ਸ਼ਰਮ ਨੂੰ ਹੱਥ ਮਾਰ, ਤੂੰ ਕੋਈ ਅਲੋਕਾਰ ਨੀ ਜੰਮਣ ਲੱਗੀ, ਛੇ ਜੰਮੇ ਕਿਤੇ ਦੂਜੇ ਕੰਨ ਵਾਜ ਨੀ ਸੀ ਪੈਣ ਦਿੱਤੀ।" ਜੀਤੀ ਨੇ ਦੰਦ ਮੀਟ ਅੱਖਾਂ ਬੰਦ ਕਰ ਲਈਆਂ।
ਫੌਜੀ ਦੀ ਦਾਦੀ ਡਾਂਗ ਦਾ ਸਹਾਰਾ ਲੈ ਕੇ ਬੁੜ ਬੁੜ ਕਰਦੀ ਉੱਠੀ। ਡਾਂਗ ਨਾਲ ਚੁੱਲ੍ਹੇ ਵਿੱਚ ਕੱਖ ਛਮੀਟੀਆਂ ਪਾ ਕਾੜਾ ਬਣਾ ਜੀਤੀ ਨੂੰ ਦੇ ਕੇ ਉਹਦਾ ਸਿਰ ਪਲੋਸਿਆ ਉਹ ਮੁੜਕੇ ਨਾਲ ਗੜੁੱਚ ਹੋਈ ਪਈ ਸੀ। ਸ਼ਰਮੋ-ਕਸ਼ਰਮੀ ਜੀਤੀ ਦੀ ਸੱਸ ਵੀ ਕੋਲ ਆ ਗਈ। ਨਿਆਣੇ ਦੇ ਰੋਣ ਦੀ ਅਵਾਜ਼ ਸੁਣ ਕੇ ਸਾਰੇ ਜੀਅ ਜਿਹੜੇ ਪਹਿਲਾਂ ਹੀ ਬਿੜਕਾਂ ਲੈ ਰਹੇ ਸੀ ਉੱਠ ਖਲੋਤੇ।
"ਤੁਸੀਂ ਕੀ ਖੁੰਬਾਂ ਵਾਂਗੂੰ ਉੱਠ ਖਲੋਤੇ ਜੇ, ਕੋਈ ਮੁੰਡਾ ਨੀ ਜੰਮਿਆ, ਪੱਥਰ ਜੰਮ ਧਰਿਆ ਸੂ। ਪੈ ਜੋ ਰਾਮ ਨਾਲ।" ਜੀਤੀ ਦੀ ਸੱਸ ਦਾ ਦਬਕਾ ਸੁਣ ਸਾਰੇ ਥਾਓਂ-ਥਾਈਂ ਖਿੱਲਰ ਗਏ।
ਨਾਲ ਦੇ ਵਿਹੜੇ ਵਿੱਚੋਂ ਫੌਜੀ ਦਾ ਭਤੀਜਾ ਭੱਜਾ ਭੱਜਾ ਆਇਆ, "ਬੇਬੇ ਬੇਬੇ ਗੁੜ ਹੈਗਾ? ਸਾਡੀ ਮੱਝ ਨੇ ਕੱਟੀ ਦਿੱਤੀ ਆ।"
"ਸ਼ੁਕਰ ਆ ਰੱਬ ਦਾ ਲੈ ਲੈ ਪੁੱਤ ਗੁੜ ਤੇ ਨਾਲੇ ਆ ਪੱਲੀ ਉਹਦੇ ਉੱਤੇ ਪਾ ਦਈ ਸੁੱਖ ਨਾਲ ਪਲੇਠਨ ਆ। ਮੈਂ ਆਈ ਤੇਰੇ ਮਗਰੇ ਮਗਰ।" ਤੇ ਜਾਂਦੀ ਜਾਂਦੀ ਫੌਜੀ ਦੇ ਬਾਪੂ ਨੂੰ ਹਲੂਣ ਕੇ ਕਹਿ ਗਈ, "ਮੈਂ ਕਿਹਾ ਉੱਠ, ਮੱਝ ਨੇ ਕੱਟੀ ਦਿੱਤੀ ਆ।"
ਸਾਰਾ ਟੱਬਰ ਮੱਝ ਦੇ ਦੁਆਲੇ ਸੀ। ਨਵਜੰਮੀ ਕੁੜੀ ਹੰਬ ਕੇ ਸੌਂ ਗਈ ਸੀ ਤੇ ਜੀਤੀ ਦੀ ਵੀ ਅੱਖ ਲੱਗ ਗਈ ਸੀ।