ਬਰਸਾਤੀ ਮੌਸਮ ਸੀ। ਕਈ ਦਿਨਾਂ ਤੋਂ ਝੜੀ ਲੱਗੀ ਹੋਈ ਸੀ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਛੜਾਕੇ ਨਾਲ ਮੀਂਹ ਆਉਂਦਾ ਤੇ ਫਿਰ ਬੰਦ ਹੋ ਜਾਂਦਾ।
ਸ਼ਾਮ ਦਾ ਟਾਈਮ ਸੀ। ਮੇਰੇ ਦਫਤਰ ਤੋਂ ਮੇਰੀ ਇੱਕ ਕੁਲੀਗ ਆਪਣੀ ਕਿਸੇ ਜਾਣਕਾਰ ਨਾਲ ਸਾਡੇ ਘਰ ਆਈ। ਛੜਾਕੇਦਾਰ ਮੀਂਹ ਫਿਰ ਸ਼ੁਰੂ ਹੋ ਗਿਆ ਸੀ। ਮੈਂ ਉਨ੍ਹਾਂ ਲਈ ਚਾਹ ਬਣਾਉਣ ਲੱਗੀ। ਇੰਨੇ ਨੂੰ ਮੇਰੇ ਪਤੀ ਨੂੰ ਕਿਸੇ ਦਾ ਫੋਨ ਆਇਆ ਤੇ ਉਹਨਾ ਬਾਹਰ ਜਾਣ ਲਈ ਸਕੂਟਰ ਕੱਢਣ ਲਈ ਗੇਟ ਖੋਲ੍ਹਿਆ ਤੇ ਸਕੂਟਰ ਸਟੈਂਡ ਤੋਂ ਲਾਹਿਆ। ਮੇਰੀ ਕੁਲੀਗ ਇਕਦਮ ਸੋਫੇ ਤੋਂ ਉੱਠੀ ਤੇ ਦੋਵੇਂ ਬਾਹਵਾਂ ਵਾਈਡ ਬਾਲ ਦੇ ਇਸ਼ਾਰੇ ਵਾਂਗ ਖੋਲ ਕੇ ਮੇਰੇ ਪਤੀ ਦੇ ਸਾਹਮਣੇ ਖਲੋ ਗਈ ਤੇ ਕਹਿਣ ਲੱਗੀ, "ਨਹੀਂ ਭਾਅ ਜੀ ਮੈਂ ਨਹੀਂ ਜਾਣ ਦੇਣਾ।" ਉਹਦੀ ਆਵਾਜ਼ ਸੁਣ ਕੇ ਮੈਂ ਵੀ ਅੱਗੇ ਹੋਈ। ਉਹ ਮੇਰੇ ਵੱਲ ਮੂੰਹ ਕਰਕੇ ਬੋਲੀ, "ਪ੍ਰਭਾ ਕਹਿ ਭਾਅ ਜੀ ਨੂੰ ਬਾਹਰ ਕਿੰਨਾ ਮੀਂਹ ਪੈ ਰਿਹਾ ਬਿਜਲੀ ਵੀ ਬੜੀ ਚਮਕਦੀ ਪਈ ਆ ਪਲੀਜ਼ ਕਹਿ, ਨਾਂ ਜਾਣ।" ਮੈਂ ਹੈਰਾਨ ਹੋਕੇ ਕਦੇ ਆਪਣੇ ਪਤੀ ਦੇ ਮੂੰਹ ਵੱਲ ਤੇ ਕਦੇ ਆਪਣੀ ਕੁਲੀਗ ਦੇ ਮੂੰਹ ਵੱਲ ਵੇਖ ਰਹੀ ਸੀ। ਮੈਂ ਇਸ਼ਾਰੇ ਨਾਲ ਉਹਨੂੰ ਬੈਠਣ ਲਈ ਕਿਹਾ। ਮੇਰੇ ਪਤੀ ਨੇ ਸਕੂਟਰ ਸਟਾਰਟ ਕੀਤਾ ਤੇ ਇਹ ਕਹਿ ਕੇ ਚਲੇ ਗਏ ਕਿ XEN ਸਾਹਿਬ ਦਾ ਫੋਨ ਆਇਆ ਏਰੀਆ ਬੰਦ ਹੋ ਗਿਆ, ਮੈਂ ਹੋ ਕੇ ਆਇਆ।
ਮੇਰੀ ਕੁਲੀਗ ਉੱਚੀ-ਉੱਚੀ ਹੱਸੀ ਜਾਵੇ, ਕਹਿੰਦੀ ਮੈਂ ਸੋਚਿਆ ਭਾਅ ਜੀ ਇੰਨੇ ਮੀਂਹ ਵਿੱਚ ਸਮੋਸੇ ਲੈਣ ਚੱਲੇ।
ਮੈਂ ਕਿਹਾ ਹੁਣ ਤਾਂ ਤੈਨੂੰ ਸਮੋਸੇ ਖਵਾਉਣੇ ਹੀ ਪੈਣੇ ਆ।